ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹੇ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ ਅਤੇ ਕਰੀਬ 4 ਲੱਖ ਸਟਿੱਕਰ ਪੂਰੇ ਜ਼ਿਲ੍ਹੇ ਵਿਚ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਵੰਡੇ ਗਏ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸ਼ਹੀਦਾਂ ਦੀ ਬਹਾਦਰੀ ਨੂੰ ਸਤਿਕਾਰਨ, ਸਾਬਕਾ ਸੈਨਿਕਾਂ ਨੂੰ ਮਾਣ ਦੇਣ ਅਤੇ ਸੁਰੱਖਿਆ ਸੈਨਾਵਾਂ ਨਾਲ ਇਕਜੁੱਟਤਾ ਨੂੰ ਪ੍ਰਗਟਾਉਣ ਲਈ ਇਹ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਪੂਰਾ ਰਾਸ਼ਟਰ ਝੰਡਾ ਦਿਵਸ ਫੰਡ ਲਈ ਦਾਨ ਦੇ ਕੇ ਸੁਰੱਖਿਆ ਸੈਨਾਵਾਂ ਪ੍ਰਤੀ ਆਪਣੀ ਸਾਂਝ ਪ੍ਰਗਟ ਕਰਦਾ ਹੈ। ਡਿਪਟੀ ਕਮਿਸ਼ਨਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ 571 ਸ਼ਹੀਦ, 457 ਪੁਰਸਕਾਰ ਵਿਜੇਤਾ ਅਤੇ 60 ਹਜ਼ਾਰ ਦੇ ਕਰੀਬ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੀ ਗਿਣਤੀ ਹੈ। ਉਨ੍ਹਾਂ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਝੰਡਾ ਦਿਵਸ ਫ਼ੰਡ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ, ਤਾਂ ਜੋ ਸੈਨਿਕਾਂ ਨਾਲ ਸਾਂਝ ਪੈਦਾ ਕੀਤੀ ਜਾ ਸਕੇ। ਉਨ੍ਹਾਂ ਇਸ ਮੌਕੇ ਝੰਡਾ ਦਿਵਸ ਫੰਡ ਇਕੱਤਰ ਕਰਨ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਵਿਭਾਗ ਵਲੋਂ ਤਾਇਨਾਤ ਕੀਤੀਆਂ ਵਿਦਿਆਰਥੀਆਂ ਦੀਆਂ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਵੱਖ-ਵੱਖ ਅਧਿਕਾਰੀਆਂ ਦੇ ਸਟਿੱਕਰ ਵੀ ਲਗਾਏ ਗਏ। ਇਸ ਤੋਂ ਪਹਿਲਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਵੀ ਹਥਿਆਰਬੰਦ ਸੈਨਾ ਝੰਡਾ ਦਿਵਸ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਤੋਂ ਇਲਾਵਾ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਵੀ ਦਿੱਤੀ ਗਈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ (ਰਿਟਾ:) ਨੇ ਹਥਿਆਰਬੰਦ ਸੈਨਿਕ ਝੰਡਾ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਲਈ 4 ਲੱਖ ਦੇ ਕਰੀਬ ਸਟਿੱਕਰ ਪੂਰੇ ਜ਼ਿਲ੍ਹੇ ਵਿਚ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਇਸ ਫੰਡ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫੰਡ ਜ਼ਰੀਏ ਫੌਜੀਆਂ, ਸਾਬਕਾ ਫੌਜੀਆਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਸਮੇਂ-ਸਮੇਂ 'ਤੇ ਸਹਾਇਤਾ ਕੀਤੀ ਜਾਂਦੀ ਹੈ। ਇਸ ਮੌਕੇ ਬਿ੍ਗੇਡੀਅਰ ਸੁਰਜੀਤ ਸਿੰਘ, ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਕਰਨਲ ਮਲੂਕ ਸਿੰਘ (ਰਿਟਾ.), ਕਰਨਲ ਕੇ ਮਹਿੰਦਰ ਸਿੰਘ, ਕਰਨਲ ਕਰਮ ਸਿੰਘ, ਲੈਫ. ਕਰਨਲ ਵੀਐੱਮਐੱਸ ਬੈਂਸ, ਲੈਫ. ਕਰਨਲ ਐੱਲਕੇ ਵਿਜ, ਲੈਫ. ਕਰਨਲ ਗੁਰਚਰਨ ਸਿੰਘ, ਵਿੰਗ ਕਮਾਡੈਂਟ ਕੇਐੱਸ ਸੈਣੀ, ਵਿੰਗ ਕਮਾਂਡਰ ਜੀਤ ਸਿੰਘ, ਮੇਜਰ ਜੀਅੱੈਸ. ਬਾਜਵਾ, ਸੁਪਰਡੰਟ ਰਛਪਾਲ ਸਿੰਘ, ਬਲਜੀਤ ਕੌਰ, ਸਤੀਸ਼ ਸਿੰਘ ਬੱਗਾ, ਸੂਬੇਦਾਰ ਮੇਜਰ ਰਾਮਪਾਲ, ਮਨਜੀਤ ਸਿੰਘ, ਹਰਬੰਸ ਸਿੰਘ, ਸੂਬੇਦਾਰ ਮੇਜਰ ਜਸਵਿੰਦਰ ਸਿੰਘ ਧਾਮੀ, ਜ਼ਿਲ੍ਹੇ ਦੀਆਂ ਵੱਖ-ਵੱਖ ਸਾਬਕਾ ਸੈਨਿਕ ਐਸੋਸੀਏਸ਼ਨ ਦੇ ਮੈਂਬਰ, ਸਾਬਕਾ ਸੈਨਿਕ ਅਤੇ ਵਿਧਵਾਵਾਂ ਹਾਜ਼ਰ ਸਨ।