ਸਰਮਾਲ/ਸੁੱਖੀ, ਹੁਸ਼ਿਆਰਪੁਰ : ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਪੈਂਦੇ ਪਿੰਡ ਪਿਆਲਾ ਵਿਖੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਪਿੰਡ ਦੇ ਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੇ ਪੈਰ 'ਚ ਗੋਲ਼ੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਪਿੰਡ ਪਿਆਲਾ ਦੇ ਪੰਚ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਸਵੇਰੇ ਆਪਣੇ ਘਰ ਤੋਂ ਥੋੜ੍ਹੀ ਦੂਰੀ 'ਤੇ ਹਵੇਲੀ ਵਿਚ ਪਸ਼ੂਆਂ ਨੂੰ ਚਾਰਾ ਪਾਉਣ ਲਈ ਗਿਆ ਸੀ। ਜਦੋਂ ਉਹ ਵਾਪਸ 9 ਵਜੇ ਦੇ ਕਰੀਬ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਸਵਿਫਟ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਗਿਆ। ਕਾਰ ਵਿਚ ਤਿੰਨ ਅਣਪਛਾਤੇ ਵਿਅਕਤੀ ਸਵਾਰ ਸਨ।

ਇਸ ਦੌਰਾਨ ਕਾਰ 'ਚੋਂ ਦੋ ਵਿਅਕਤੀ ਨਿਕਲੇ ਤੇ ਉਨ੍ਹਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਕਾਰ 'ਚੋਂ ਉਤਰੇ ਡਰਾਈਵਰ ਨੇ ਉਸ ਦੇ ਪੈਰ 'ਚ ਗੋਲ਼ੀ ਮਾਰ ਦਿੱਤੀ। ਜਦੋਂ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਪਿੰਡ ਦੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਉਕਤ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਧਰਮਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਅੰਮਿ੍ਤਸਰ ਵਿਖੇ ਰੈਫਰ ਕਰ ਦਿੱਤਾ।

ਗੋਲ਼ੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਬੁੱਲ੍ਹੋਵਾਲ ਦੇ ਐੱਸਐੱਚਓ ਅਜਮੇਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਪੰਚ ਧਰਮਿੰਦਰ ਸਿੰਘ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰੰਜ਼ਿਸ਼ ਤਹਿਤ ਕੀਤਾ ਗਿਆ ਹਮਲਾ : ਪੰਚ ਧਰਮਿੰਦਰ ਸਿੰਘ

ਇਸ ਦੌਰਾਨ ਪੰਚ ਧਰਮਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਿੰਡ ਵਿਚ ਦੋ ਧਿਰਾਂ ਦਾ ਆਪਸ ਵਿਚ ਝਗੜਾ ਹੋਇਆ ਸੀ, ਜਿਸ ਦਾ ਉਸ ਨੇ ਰਾਜੀਨਾਮਾ ਕਰਵਾਇਆ ਸੀ। ਧਰਮਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਇਕ ਧਿਰ ਨੇ ਰੰਜ਼ਿਸ਼ ਰੱਖਦੇ ਹੋਏ ਮੇਰੇ 'ਤੇ ਹਮਲਾ ਕਰਵਾਇਆ ਹੈ।