ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਮੁਕੇਰੀਆਂ ਸ਼ਹਿਰ ਅੰਦਰ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ 'ਚ ਹੋਰ ਰਹੇ ਲਗਾਤਾਰ ਵਾਧੇ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਥਾਨਕ ਵਾਸੀ ਵੀ ਇਸ ਗੰਦਗੀ ਤੋਂ ਪ੍ਰਭਾਵਿਤ ਹੋ ਰਹੇ ਹਨ। ਭਾਵੇਂ ਕਿ ਗੰਦਗੀ ਦੇ ਢੇਰਾਂ ਦੀ ਸਮੱਸਿਆ ਮੀਡੀਆ ਰਾਹੀਂ ਕਈ ਵਾਰੀ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀ ਗਈ ਹੈ, ਪਰ ਕੂੜੇ-ਕਰਕਟ ਅਤੇ ਗੰਦਗੀ ਦਾ ਕੋਈ ਠੋਸ ਪ੍ਰਬੰਧਨ ਨਗਰ ਕੌਂਸਲ ਲਈ ਲਗਾਤਾਰ ਚਣੌਤੀ ਬਣਿਆ ਹੋਇਆ ਹੈ। ਕੂੜੇ-ਕਰਕਟ ਸੁੱਟ ਲਈ ਯੋਗ ਪ੍ਰਬੰਧ ਨਾ ਹੋਣ ਕਰਕੇ ਲੋਕ ਥਾਂ-ਥਾਂ ਖੁਲੇਆਮ ਕੂੜਾ-ਕਰਕਟ ਤੇ ਗੰਦਗੀ ਸੁੱਟ ਕੇ ਢੇਰਾਂ ਦਾ ਰੂਪ ਦੇ ਰਹੇ ਹਨ। ਬਦਬੂ ਮਾਰ ਰਹੇ ਇਨ੍ਹਾਂ ਢੇਰਾਂ ਕਾਰਨ ਜਿੱਥੇ ਸ਼ਹਿਰ ਦੀ ਸੁੰਦਰਤਾ ਕਲੰਕਿਤ ਹੋਈ ਪਈ ਹੈ ਉੱਥੇ ਹੀ ਕਿਸੇ ਬਿਮਾਰੀ ਫੈਲਣ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਜਦੋਂ ਮੁਕੇਰੀਆਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਮੁਕੇਰੀਆਂ-ਤਲਵਾੜਾ ਮਾਰਗ 'ਤੇ ਸਥਿਤ ਸਬਜ਼ੀ ਮੰਡੀ ਦੇ ਸਾਹਮਣੇ ਆੜ੍ਹਤੀਆਂ ਅਤੇ ਦੁਕਾਨਦਾਰਾਂ ਵੱਲੋਂ ਗਲੀਆਂ-ਸੜੀਆਂ ਸਬਜ਼ੀਆਂ, ਪੌਲੀਥੀਨ ਲਿਫ਼ਾਫੇ ਅਤੇ ਗੰਦਗੀ ਸੁੱਟ ਕੇ ਬਿਲਕੁੱਲ ਸੜਕ ਕਿਨਾਰੇ ਢੇਰ ਲਾਇਆ ਹੋਇਆ ਹੈ। ਜਿੱਥੇ ਇਸ ਢੇਰ 'ਤੇ ਮੱਖੀਆਂ-ਮੱਛਰਾਂ ਦੀ ਭਰਮਾਰ ਪਾਈ ਜਾ ਰਹੀ ਹੈ ਉੱਥੇ ਬਦਬੂ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸ ਦੇ ਇਲਾਵਾ ਕੌਮੀ ਰਾਜ ਮਾਰਗ 'ਤੇ ਚੱਕ ਅੱਲਾ ਬਖਸ਼ ਨੇੜੇ ਗੰਦਗੀ ਤੇ ਪੌਲੀਥੀਨ ਦਾ ਢੇਰ ਲੱਗਾ ਹੋਇਆ ਹੈ। ਇਸੇ ਤਰ੍ਹਾਂ ਤਲਵਾੜਾ ਰੋਡ ਸਥਿਤ ਆਰੀਆ ਸਕੂਲ ਦੇ ਗੇਟ ਮੂਹਰੇ ਕਾਲੋਨੀ ਵਾਸੀਆਂ ਵੱਲੋਂ ਸੁੱਟਿਆ ਹੋਇਆ ਕੂੜਾ-ਕਰਕਟ, ਗੁੜੀਆ ਸ਼ਿਵਾਲਾ ਮੰਦਰ ਨੇੜੇ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਕੂੜੇ ਦਾ ਡੰਪ, ਦੇਵਾ ਕਾਲੋਨੀ ਤੋਂ ਪਰਮਾਹੰਸ ਬਾਗ ਰੋਡ 'ਤੇ ਕੂੜੇ ਅਤੇ ਗੰਦਗੀ ਦੇ ਲੱਗੇ ਢੇਰ, ਕਮਿਊਨਿਟੀ ਹਾਲ ਦੇ ਪਿਛਲੇ ਪਾਸੇ ਬਣਾਇਆ ਗਿਆ ਕੂੜੇ ਦਾ ਡੰਪ ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜਾ ਰਹੇ ਹਨ। ਇਸਦੇ ਇਲਾਵਾ ਬਾਗੋਵਾਲ ਰੋਡ, ਲੋਕ ਉਸਾਰੀ ਵਿਭਾਗ ਦੇ ਦਫ਼ਤਰ ਨੇੜਲੇ ਸਰਵਿਸ ਰੋਡ ਅਤੇ ਰੇਲਵੇ ਸਟੇਸ਼ਨ ਰੋਡ ਸਮੇਤ ਕਈ ਸਥਾਨਾਂ 'ਤੇ ਲੱਗੇ ਗੰਦਗੀ ਦੇ ਢੇਰ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ।

ਗੜਬੜਾ ਗਏ ਹਨ ਸਫ਼ਾਈ ਪ੍ਰਬੰਧ

'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦੇ ਹੋਏ ਪ੍ਰਦੀਪ ਕੁਮਾਰ ਪੁਰੀ, ਊਸ਼ਾ ਰਾਣੀ, ਅਸ਼ੋਕ ਕੁਮਾਰ, ਅਮਰੀਕ ਸਿੰਘ, ਗੁਲਜ਼ਾਰੀ ਲਾਲ, ਨੀਨਾ ਕੁਮਾਰੀ ਆਦਿ ਨੇ ਕਿਹਾ ਕਿ ਸ਼ਹਿਰ ਅੰਦਰ ਸਫ਼ਾਈ ਪ੍ਰਬੰਧ ਬਿਲਕੁੱਲ ਹੀ ਗੜਬੜਾ ਗਏ ਹਨ ਤੇ ਨਾਕਸ ਸਫ਼ਾਈ ਪ੍ਰਬੰਧਾਂ ਦੇ ਚਲਦਿਆਂ ਢੇਰਾਂ ਦੀ ਗੰਦਗੀ ਕਾਰਨ ਬਿਮਾਰੀ ਫ਼ੈਲਣ ਦਾ ਖ਼ਦਸ਼ਾ ਲਗਾਤਾਰ ਬਣਿਆ ਹੋਇਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੰਦਗੀ ਦੇ ਢੇਰ ਦਾ ਯੋਗ ਪ੍ਰਬੰਧ ਕਰ ਕੇ ਮੁਕੇਰੀਆਂ ਸ਼ਹਿਰ ਅੰਦਰ ਸਫਾਈ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਰਾਹਗੀਰਾਂ, ਦੁਕਾਨਦਾਰਾਂ ਤੇ ਸਥਾਨਕ ਵਾਸੀਆਂ ਨੂੰ ਰਾਹਤ ਮਿਲ ਸਕੇ।

ਸੁਸਾਇਟੀ ਨੇ ਸ਼ੁਰੂ ਕੀਤਾ ਸੀ ਕੰਮ, ਪਰ ਵਿਚਾਲੇ ਰੁੱਕਿਆ

ਕਲੀਨ ਮੁਕੇਰੀਆਂ ਗਰੀਨ ਮੁਕੇਰੀਆਂ ਨਾਮ ਦੀ ਮੁਹਿੰਮ ਚਲਾਉਣ ਵਾਲੀ ਫਰੈਂਡਸ ਵੈੱਲਫੇਅਰ ਸੁਸਾਇਟੀ ਨੇ ਮੁਕੇਰੀਆਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਸੀ ਪਰ ਕੁੱਝ ਸਾਲਾਂ ਬਾਅਦ ਕੁੱਝ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਲੋਕਾਂ ਵੱਲੋਂ ਫਰੈਂਡਸ ਵੈੱਲਫੇਅਰ ਸੁਸਾਇਟੀ ਮੁਕੇਰੀਆਂ ਨੂੰ ਸਹਿਯੋਗ ਦੇਣ ਦੇ ਬਜਾਏ ਉਨ੍ਹਾਂ ਦੀ ਖਿਲਾਫ਼ ਸ਼ੁਰੂ ਕਰ ਦਿੱਤੀ ਗਈ ਜਿਸਦੇ ਨਾਲ ਸ਼ਹਿਰ 'ਚ ਸਫ਼ਾਈ ਮੁਹਿੰਮ ਦਾ ਕੰਮ ਥੱਪ ਹੋ ਗਿਆ।

ਫਰੈਂਡਸ ਵੈੱਲਫੇਅਰ ਸੁਸਾਇਟੀ ਮੁਕੇਰੀਆਂ ਦੇ ਮੈਂਬਰ ਰਾਹੁਲ ਕੋਹਲੀ, ਨੰਨੂ ਮਹਾਜਨ, ਐਡਵੋਕੇਟ ਦਿਨੇਸ਼ ਸ਼ਰਮਾ, ਯੁਵਰਾਜ ਸਿੰਘ, ਵਿਨੈ ਭਾਟੀਆ, ਬੰਟੀ ਵਰਮਾ ਆਦਿ ਨੇ ਕਿਹਾ ਕਿ ਮਾਤਾ ਰਾਣੀ ਚੌਂਕ ਦੇ ਨਜ਼ਦੀਕ ਟਰੱਕ ਯੂਨੀਅਨ ਦੇ ਸਾਹਮਣੇ ਗੰਦਗੀ ਦੇ ਢੇਰ ਦੀ ਬਹੁਤ ਵੱਡੀ ਸਮੱਸਿਆ ਸੀ। ਸਾਰੇ ਸ਼ਹਿਰ ਦਾ ਕੂੜਾ ਇੱਥੇ ਡੰਪ ਕਰਕੇ ਸ਼ਾਮ ਨੂੰ ਅੱਗ ਲਗਾ ਦਿੱਤੀ ਜਾਂਦੀ ਸੀ ਜਿਸ ਦੇ ਜ਼ਹਿਰੀਲੇ ਧੂੰਏ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਸਨ। ਉਨ੍ਹਾਂ ਦੀ ਸੁਸਾਇਟੀ ਦੇ ਮੈਂਬਰਾਂ ਨੇ ਹਾਈਕੋਰਟ 'ਚ ਪੀਆਈਐੱਲ ਦਾਖ਼ਲ ਕਰ ਇੱਥੋਂ ਕੂੜੇ ਦਾ ਡੰਪ ਚੁਕਵਾ ਕੇ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਕਰਵਾਇਆ। ਪੌਲੀਥੀਨ ਲਿਫ਼ਾਫਿਆਂ ਨਾਲ ਪੈਦੀ ਹੁੰਦੀ ਗੰਦਗੀ ਵੇਖ ਜੂਟ ਦੇ ਬੈੱਗ ਬਣਵਾ ਕੇ ਲੋਕਾਂ ਨੂੰ ਘਰ-ਘਰ ਵੰਡੇ। ਨਗਰ ਕੌਂਸਲ ਵੱਲੋਂ ਬਣਾਏ ਗ਼ਲਤ ਡੰਪ ਹਟਵਾਏ ਗਏ ਅਤੇ ਲੋਕ ਫਿਰ ਤੋਂ ਉੱਥੇ ਕੂੜਾ ਨਾ ਸੁੱਟਣ ਇਸ ਲਈ ਉੱਥੇ ਸੀਸੀਟੀਵੀ ਕੈਮਰੇ ਲਗਵਾਏ ਗਏ।

ਉਨ੍ਹਾਂ ਦੱਸਿਆ ਕਿ ਜਦੋਂ 2019 ਦੇ ਸ਼ੁਰੂਆਤੀ ਮਹੀਨਿਆਂ 'ਚ ਕੁੱਝ ਅਧਿਕਾਰੀਆਂ-ਕਰਮਚਾਰੀਆਂ ਤੇ ਲੋਕਾਂ ਨੇ ਉਨ੍ਹਾਂ ਦੀ ਸੰਸਥਾ ਵੱਲੋਂ ਲੋਕਾਂ ਦੇ ਕੂੜਾ-ਕਰਕਟ ਸੁੱਟਣ ਲਈ ਲਗਵਾਏ ਡਸਟਬਿਨ ਤੋੜ ਦਿੱਤੇ ਅਤੇ ਉਨ੍ਹਾਂ ਦੀ ਸੰਸਥਾ ਦੇ ਖਿਲਾਫ਼ ਪ੍ਰਚਾਰ ਸ਼ੁਰੂ ਕਰ ਦਿੱਤਾ ਤਾਂ ਸੰਸਥਾ ਨੇ ਕੰਮ ਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕਾਰਜ ਦਾ ਵਿਰੋਧ ਨਾ ਕੀਤਾ ਜਾਵੇ ਤਾਂ ਉਨ੍ਹਾਂ ਦੀ ਸੁਸਾਇਟੀ ਸ਼ਹਿਰ ਨੂੰ ਫਿਰ ਤੋਂ ਕਲੀਨ ਅਤੇ ਗਰੀਨ ਬਣਾਉਣ ਨੂੰ ਤਿਆਰ ਹਨ।

-

ਸਥਾਈ ਡੰਪ ਲਈ ਜਗ੍ਹਾ ਨਾ ਮਿਲਣ ਕਾਰਨ ਆ ਰਹੀ ਸਮੱਸਿਆ : ਕਰਮਿੰਦਰਪਾਲ ਸਿੰਘ

ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕਰਮਿੰਦਰਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਗੰਦਗੀ ਦੇ ਢੇਰਾਂ ਦੀ ਸਮੱਸਿਆ ਬਾਰੇ ਪੂਰਾ ਧਿਆਨ ਹੈ ਅਤੇ ਮੁਲਾਜ਼ਮ ਸਮੇਂ-ਸਮੇਂ ਗੰਦਗੀ ਦੇ ਢੇਰਾਂ ਉੱਤੋਂ ਗੰਦਗੀ ਅਤੇ ਪੌਲੀਥੀਨ ਦੇ ਲਿਫ਼ਾਫੇ ਆਦਿ ਦੀ ਸਫ਼ਾਈ ਕਰ ਵੀ ਰਹੇ ਹਨ। ਜਿਸ ਨੂੰ ਟਿੱਪਰਾਂ ਰਾਹੀਂ ਪਠਾਨਕੋਟ ਵਿਖੇ ਡੰਪ ਕੀਤਾ ਜਾਂਦਾ ਹੈ, ਪਰ ਕੂੜੇ-ਕਰਕਟ ਦੇ ਡੰਪ ਲਈ ਉਨ੍ਹਾਂ ਨੂੰ ਮੁਕੇਰੀਆਂ ਨੇੜੇ ਕੋਈ ਠੀਕ ਜਗ੍ਹਾ ਨਾ ਮਿਲਣ ਕਾਰਨ ਅਜੇ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਰਿਹਾ ਜਦੋਂ ਜਗ੍ਹਾ ਮਿਲ ਗਈ ਸਮੱਸਿਆ ਦਾ ਹੱਲ ਹੋ ਜਾਵੇਗਾ।