ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸੋਮਵਾਰ ਨੂੰ ਖੰਡ ਮਿੱਲ ਮੁਕੇਰੀਆਂ ਵੱਲ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਪਈ ਕਰੋੜਾਂ ਰੁਪਏ ਦੀ ਅਦਾਇਗੀ ਹਿੱਤ ਕਿਸਾਨ ਸੰਘਰਸ਼ ਕਮੇਟੀ ਮੁਕੇਰੀਆਂ- ਗੁਰਦਾਸਪੁਰ ਦੇ ਸੱਦੇ 'ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਖੰਡ ਮਿੱਲ ਦੇ ਗੇਟ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਦਿੱਤਾ।

ਵੱਡੀ ਗਿਣਤੀ 'ਚ ਪੁੱਜੇ ਕਿਸਾਨਾਂ ਨੇ ਖੰਡ ਮਿੱਲ ਮੁਕੇਰੀਆਂ ਦੇ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕਰਨ ਵਾਸਤੇ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਇਆ। ਵੱਖ-ਵੱਖ ਕਿਸਾਨ ਆਗੂਆਂ ਨੇ ਧਰਨੇ 'ਚ ਪੁੱਜ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਕਿਸਾਨ ਸੰਘਰਸ਼ ਦਾ ਸਾਥ ਦੇਣ ਦਾ ਭਰੋਸਾ ਦਿੱਤਾ।

ਧਰਨੇ ਨੂੰ ਸੰਬੋਧਨ ਕਰਦਿਆਂ ਪਗੜੀ ਸੰਭਾਲ ਜੱਟਾ ਲਹਿਰ ਦੇ ਗੁਰਪ੍ਰਤਾਪ ਸਿੰਘ ਭੈਣੀ ਪਸਵਾਲ, ਕਿਸਾਨ ਸੰਘਰਸ਼ ਕਮੇਟੀ ਦੇ ਗੁਰਨਾਮ ਸਿੰਘ ਜਹਾਨਪੁਰ, ਕਿਸਾਨ ਆਗੂ ਠਾਕੁਰ ਸੁਲੱਖਣ ਸਿੰਘ ਜੱਗੀ, ਸ਼ੰਭੂ ਨਾਥ ਭਾਰਤੀ, ਸਤਨਾਮ ਸਿੰਘ ਬਾਗੜ੍ਹੀਆਂ, ਅਮਰਜੀਤ ਸਿੰਘ ਕਾਨੂੰਗੋ, ਮਨਜੀਤ ਸਿੰਘ ਕੌਲਪੁਰ, ਉਂਕਾਰ ਸਿੰਘ ਪੁਰਾਣਾ ਭੰਗਾਲਾ ਆਦਿ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸੂਬੇ ਦਾ ਕਿਸਾਨ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤੇ ਮਿਹਨਤ ਨਾਲ ਬੀਜੀ ਫ਼ਸਲ ਪਾਣੀ ਦੀ ਭੇਟ ਚੜ੍ਹ ਚੁੱਕੀ ਹੈ, ਉੱਥੇ ਦੂਜੇ ਪਾਸੇ ਗੰਨਾ ਕਾਸ਼ਤਕਾਰਾਂ ਨੂੰ ਸੂਬਾ ਸਰਕਾਰ ਦੀਆਂ ਨੀਤੀਆਂ ਤੇ ਖੰਡ ਮਿੱਲ ਮਾਲਕਾਂ ਤੇ ਪ੍ਰਬੰਧਕਾਂ ਦੀ ਹਠਧਰਮੀ ਸਹਿਜੇ-ਸਹਿਜੇ ਆਰਥਿਕ ਤੌਰ 'ਤੇ ਮਾਰ ਚੁੱਕੀ ਹੈ।

ਕਿਸਾਨ ਆਗੂਆਂ ਨੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਖੰਡ ਮਿੱਲ ਮੁਕੇਰੀਆਂ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਸਮਾਂ ਲੈਣ ਉਪਰੰਤ ਵੀ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨਾ ਮੰਦਭਾਗਾ ਹੈ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਖੰਡ ਮਿੱਲ ਮੁਕੇਰੀਆਂ ਵੱਲ ਗੰਨਾ ਕਾਸ਼ਤਾਕਾਰਾਂ ਦੀ ਬਕਾਇਆ ਪਈ ਰਾਸ਼ੀ ਤੁਰੰਤ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਵੇ, ਖੰਡ ਮਿੱਲਾਂ ਗੰਨੇ ਦੇ ਅਗਲੇ ਸੀਜ਼ਨ 2019-20 ਲਈ 5 ਨਵੰਬਰ ਤੋਂ ਪਹਿਲਾਂ ਚਾਲੂ ਕੀਤੀਆਂ ਜਾਣ ਤੇ ਅਗਲੇ ਸੀਜ਼ਨ ਦੌਰਾਨ ਗੰਨੇ ਦੀ ਅਦਾਇਗੀ ਨਿਯਮਾਂ ਅਨੁਸਾਰ 14 ਦਿਨਾਂ 'ਚ ਕੀਤੀ ਜਾਣੀ ਵੀ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਪ੍ਰਸ਼ਾਸਨ ਦੀ ਵਿਚੋਲਗੀ ਨਹੀਂ ਚਾਹੁੰਦੇ ਤੇ ਗੰਨਾ ਕਮਿਸ਼ਨਰ ਮੁਕੇਰੀਆਂ ਪੁੱਜ ਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸਿੱਧੀ ਗੱਲ ਕਰਨ। ਮਿੱਲ ਪ੍ਰਬੰਧਕ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਕੀਤੀ ਜਾ ਰਹੀ ਆਰਥਿਕ ਤੇ ਮਾਨਸਿਕ ਲੁੱਟ ਨੂੰ ਹੁਣ ਹੋਰ ਨਹੀਂ ਜਰਿਆ ਜਾਵੇਗਾ ਤੇ ਜੇ ਜਲਦੀ ਹੀ ਕਿਸਾਨਾਂ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ 'ਚ ਨਾ ਪਾਈ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ।

ਇਸ ਮੌਕੇ ਧਰਨੇ 'ਚ ਸਰਬਜੋਤ ਸਿੰਘ ਸਾਬੀ, ਈਸ਼ਰ ਸਿੰਘ ਮੰਝਪੁਰ, ਬਲਜੀਤ ਸਿੰਘ ਛੰਨੀ, ਨੰਦ ਸਿੰਘ, ਬਲਜੀਤ ਸਿੰਘ ਨੀਟਾ, ਅਵਤਾਰ ਸਿੰਘ ਬੌਬੀ, ਨਿਰਮਲ ਸਿੰਘ ਥੇਹ ਬਰਨਾਲਾ, ਸਮਿੰਦਰ ਸਿੰਘ ਛੰਨੀ, ਬਲਕਾਰ ਸਿੰਘ ਮੱਲ੍ਹੀ, ਮਲਕੀਤ ਸਿੰਘ ਹਿਯਾਤਪੁਰ, ਰਘੂਨਾਥ ਰਾਣਾ, ਜਸਵੀਰ ਸਿੰਘ ਮੰਝਪੁਰ, ਦਵਿੰਦਰਜੀਤ ਸਿੰਘ ਗੋਨਾ, ਸ਼ਮਸ਼ੇਰ ਸਿੰਘ ਗੁਰਦਾਸਪੁਰ, ਰਵਿੰਦਰ ਸਿੰਘ, ਸੋਹਣ ਸਿੰਘ, ਸੱਜਣ ਸਿੰਘ, ਅਰਜਨ ਸਿੰਘ, ਇਕਬਾਲ ਸਿੰਘ, ਹਰਭਜਨ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਸਿਆਸੀ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕਰ ਕੇ ਅਣਮਿੱਥੇ ਧਰਨੇ ਦੀ ਹਮਾਇਤ ਕਰਦਿਆਂ ਗੰਨਾ ਕਾਸ਼ਤਕਾਰਾਂ ਦੇ ਬਕਾਏ ਦੀ ਤੁਰੰਤ ਅਦਾਇਗੀ ਕੀਤੇ ਜਾਣ ਦੀ ਮੰਗ ਕੀਤੀ।