ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਰੋਸ ਧਰਨਾ 214ਵੇਂ ਦਿਨ ਵੀ ਭਰਵੀਂ ਹਾਜ਼ਰੀ ਨਾਲ ਜਾਰੀ ਰਿਹਾ। ਇਸ ਸਮੇਂ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਦੁਹਰਾਈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ 'ਦਿੱਲੀ ਚੱਲੋ' ਮੁਹਿੰਮ ਲਈ ਪਿੰਡ-ਪਿੰਡ ਬੈਠਕਾਂ ਕਰ ਕੇ ਲਾਮਬੰਦੀ ਜਾਰੀ ਰੱਖੀ ਗਈ ਅਤੇ ਸੰਯੁਕਤ ਮੋਰਚਾ ਦਿੱਲੀ 'ਚ ਡਟੇ ਹੋਏ ਕਿਸਾਨਾਂ ਲਈ 150 ਕੁਇੰਟਲ ਕਣਕ ਟਰੈਕਟਰ ਰਾਹੀਂ ਦਿੱਲੀ ਭੇਜੀ ਗਈ।

ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਜਿੰਨੀ ਦੇਰ ਵੀ ਚੱਲੇਗਾ ਉਦੋਂ ਤੱਕ ਰਸਦ ਤੇ ਰਾਸ਼ਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਆਗੂਆਂ ਨੇ ਰੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਅਤੇ ਸੱਤਾਧਾਰੀ ਮੰਤਰੀ ਅਜੇ ਤੱਕ ਵੀ ਕਿਸਾਨਾਂ ਦੇ ਪੱਖ ਨੂੰ ਸਵੀਕਾਰਨ ਵਿੱਚ ਨਾਕਾਮ ਰਹੇ ਹਨ ਤੇ ਕਾਰੋਬਾਰੀ ਘਰਾਣਿਆਂ ਪੱਖੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਜਿੱਦ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਾਰਜ ਕਰ ਕੇ ਐੱਮਐੱਸਪੀ ਨੂੰ ਪੂਰੇ ਦੇਸ਼ 'ਚ ਕਾਨੂੰਨੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਟੋਲ ਪਲਾਜ਼ਾ ਹਰਸਾ ਮਾਨਸਰ ਵਿਖੇ ਚਲ ਰਹੇ ਰੋਸ ਧਰਨੇ ਵਿੱਚ ਸ਼ਮੂਲੀਅਤ ਕਰਨ ਅਤੇ 'ਦਿੱਲੀ ਚੱਲੋ' ਮੁਹਿੰਮ ਤਹਿਤ ਦਿੱਲੀ ਸੰਘਰਸ਼ 'ਚ ਵੀ ਆਪਣਾ ਬਣਦਾ ਯੋਗਦਾਨ ਪਾਉਣ।

ਇਸ ਮੌਕੇ ਯੋਧ ਸਿੰਘ ਕੋਟਲੀ, ਨਰਿੰਦਰ ਸਿੰਘ ਗੋਲੀ, ਸੁਰਜੀਤ ਸਿੰਘ ਬਿੱਲਾ, ਹਰਬੰਸ ਸਿੰਘ ਕੋਟਲੀ, ਬਲਦੇਵ ਸਿੰਘ, ਤਰਸੇਮ ਸਿੰਘ, ਸਮਸ਼ੇਰ ਸਿੰਘ ਲਾਡਪੁਰ, ਬਲਦੇਵ ਕ੍ਰਿਸ਼ਨ, ਸਰਵਨ ਸਿੰਘ, ਬਲਦੇਵ ਸਿੰਘ ਗਾਲ੍ਹੜੀਆਂ, ਮਨਪ੍ਰਰੀਤ ਸਿੰਘ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਹਿਯਾਤਪੁਰ, ਜਸਵੰਤ ਸਿੰਘ, ਜਗਪ੍ਰਰੀਤ ਸਿੰਘ ਜੱਗੀ, ਹਰੀ ਸਿੰਘ ਛੰਨੀ ਸਮੇਤ ਵੱਡੀ ਗਿਣਤੀ ਕਿਸਾਨ, ਮਜ਼ਦੂਰ ਤੇ ਨੌਜਵਾਨ ਹਾਜ਼ਰ ਸਨ।