ਸੁਰਿੰਦਰ ਿਢੱਲੋਂ , ਟਾਂਡਾ ਉੜਮੁੜ : ਟਾਂਡਾ ਪੁਲਿਸ ਨੇ ਸੁੱਖਾ ਕਾਹਲਵਾਂ ਹੱਤਿਆਕਾਂਡ ਦੇ ਮੁੱਖ ਗਵਾਹ, ਨਾਮੀ ਸਮੱਗਲਰ ਤੇ ਉਸਦੇ ਭਰਾ ਨੂੰ ਅਸਲੇ ਸਮੇਤ ਗਿ੍ਫ਼ਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ 'ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਨਸ਼ਾ ਸਮੱਗਲਿੰਗ, ਕਤਲ ਤੇ ਲੁੱਟਾਂ ਖੋਹਾਂ ਦੇ ਕਈ ਮੁਕੱਦਮੇ ਦਰਜ ਹਨ। ਟਾਂਡਾ ਪੁਲਿਸ ਨੇ ਮੌਕੇ 'ਤੇ ਉਨ੍ਹਾਂ ਕੋਲੋਂ ਦੋ ਪਿਸਤੌਲ, 17 ਜ਼ਿੰਦਾ ਕਾਰਤੂਸ, 100 ਗ੍ਰਾਮ ਹੈਰੋਇਨ, 700 ਨਸ਼ੀਲੀਆਂ ਗੋਲ਼ੀਆਂ ਤੇ ਇਕ ਸਵਿਫਟ ਕਾਰ ਵੀ ਬਰਾਮਦ ਕੀਤੀ।

ਗਿ੍ਫ਼ਤਾਰ ਸਮੱਗਲਰ ਦੀ ਪਛਾਣ ਰਾਣਾ ਪ੍ਰਤਾਪ ਸਿੰਘ ਤੇ ਭਰਾ ਦੀ ਪਛਾਣ ਰਣਪ੍ਰੀਤ ਸਿੰਘ ਦੋਵੇਂ ਪੁੱਤਰ ਗੁਰਮੀਤ ਸਿੰਘ ਵਾਸੀ ਮਾੜੀ ਪੰਨਵਾਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ।

ਇਸ ਸਬੰਧੀ ਪ੍ਰਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਟਾਂਡਾ ਦੇ ਐੱਸਐੱਚਓ ਹਰਗੁਰਦੇਵ ਸਿੰਘ ਦੀ ਅਗਵਾਈ ਵਿਚ ਏਐੱਸਆਈ

ਅਮਰਜੀਤ ਨੇ ਪੁਲਿਸ ਪਾਰਟੀ ਸਮੇਤ ਰੜਾ ਮੋੜ ਟੀ-ਪੁਆਇੰਟ 'ਤੇ ਰਾਤ ਨੂੰ ਨਾਕਾਬੰਦੀ ਕੀਤੀ ਹੋਈ ਸੀ। ਬੇਗੋਵਾਲ ਵਾਲੇ ਪਾਸਿਓਂ ਇਕ ਸਵਿਫਟ ਕਾਰ ਨੰਬਰ ਪੀਬੀ08ਬੀਐੱਚ2928 ਆਈ ਜਿਸਨੂੰ ਪੁਲਿਸ ਪਾਰਟੀ ਨੇ ਟਾਰਚ ਦੀ ਰੋਸ਼ਨੀ ਨਾਲ ਰੋਕਿਆ। ਕਾਰ ਨੂੰ ਇਕ ਨੌਜਵਾਨ ਚਲਾ ਰਿਹਾ ਸੀ ਤੇ ਨਾਲ ਦੀ ਸੀਟ 'ਤੇ ਇਕ ਹੋਰ ਨੌਜਵਾਨ ਬੈਠਾ ਸੀ। ਪੁਲਿਸ ਦੀ ਨਾਕਾਬੰਦੀ ਵੇਖ ਕਾਰ ਚਾਲਕ ਨੇ ਤੇਜ਼ੀ ਨਾਲ ਸਵਿਫਟ ਕਾਰ ਨੂੰ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਏਐੱਸਆਈ ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਫੜ ਲਿਆ।

ਪੁਲਿਸ ਵੱਲੋਂ ਪੁੱਛਗਿੱਛ ਕਰਨ 'ਤੇ ਉਕਤ ਕਾਰ ਚਾਲਕ ਨੇ ਆਪਣਾ ਨਾਂ ਰਾਣਾ ਪ੍ਰਤਾਪ ਸਿੰਘ ਤੇ ਸਾਥੀ ਦੀ ਪਛਾਣ ਭਰਾ ਰਣਪ੍ਰਰੀਤ ਸਿੰਘ ਦੋਵੇਂ ਪੁੱਤਰ ਗੁਰਮੀਤ ਸਿੰਘ ਵਾਸੀ ਮਾੜੀ ਪੰਨਵਾਂ ਜ਼ਿਲ੍ਹਾ ਗੁਰਦਾਸਪੁਰ ਦੱਸਿਆ। ਪੁਲਿਸ ਵੱਲੋਂ ਰਾਣਾ ਪ੍ਰਤਾਪ ਦੀ ਤਲਾਸ਼ੀ ਦੌਰਾਨ ਉਸਦੇ ਡੱਬ 'ਚੋਂ ਇਕ ਪਿਸਤੌਲ, ਜਿਸ 'ਤੇ ਮੇਡ ਇਨ ਯੂਐੱਸਏ ਲਿਖਿਆ ਸੀ, ਬਰਾਮਦ ਹੋਇਆ ਤੇ ਜੇਬ 'ਚੋਂ ਸੱਤ ਜ਼ਿੰਦਾ ਰੌਂਦ ਬਰਾਮਦ ਹੋਏ। ਜਦਕਿ ਭਰਾ ਰਣਪ੍ਰੀਤ ਸਿੰਘ ਦੀ ਤਲਾਸ਼ੀ ਦੌਰਾਨ ਡੱਬ 'ਚੋਂ ਦੇਸੀ ਪਿਸਤੌਲ ਤੇ ਜੇਬ 'ਚੋਂ 10 ਜ਼ਿੰਦਾ ਰੌਂਦ ਬਰਾਮਦ ਹੋਏ। ਕਾਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਇਕ ਪਲਾਸਟਿਕ ਦੇ ਲਿਫ਼ਾਫ਼ੇ 'ਚੋਂ 100 ਗ੍ਰਾਮ ਹੈਰੋਇਨ ਤੇ 700 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ।

ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਸਬ ਇੰਸਪੈਕਟਰ ਅਜਮੇਰ ਸਿੰਘ ਨੇ ਉਕਤ ਦੋਵਾਂ ਨੂੰ ਮੌਕੇ 'ਤੇ ਹਥਿਆਰਾਂ, ਜ਼ਿੰਦਾ ਰੌਂਦ ਤੇ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕਰ ਕੇ ਥਾਣਾ ਟਾਂਡਾ ਲਿਆਂਦਾ ਤੇ ਮਾਮਲਾ ਦਰਜ ਕੀਤਾ। ਪੁੱਛਗਿੱਛ ਦੌਰਾਨ ਰਾਣਾ ਪ੍ਰਤਾਪ ਨੇ ਦੱਸਿਆ ਕਿ ਉਸ 'ਤੇ ਕਤਲ , ਲੁੱਟ ਖੋਹ ਤੇ ਸਮੱਗਲਿੰਗ ਦੇ ਕਈ ਮਾਮਲੇ ਦਰਜ ਹਨ ਤੇ ਉਹ ਸੁੱਖਾ ਕਾਹਲਵਾਂ ਹੱਤਿਆਕਾਂਡ ਦਾ ਮੁੱਖ ਗਵਾਹ ਹੈ ਤੇ ਅੱਜਕੱਲ੍ਹ ਜ਼ਮਾਨਤ 'ਤੇ ਹੈ।

ਡੀਐੱਸਪੀ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਆਸ ਹੈ।

ਜ਼ਿਕਰਯੋਗ ਹੈ ਕਿ ਟਾਂਡਾ ਪੁਲਿਸ ਨੇ ਰਾਣਾ ਪ੍ਰਤਾਪ ਸਿੰਘ ਨੂੰ ਪਤਨੀ ਦਵਿੰਦਰ ਕੌਰ ਵਾਸੀ ਬਟਾਲਾ ਸਮੇਤ 25 ਜੁਲਾਈ 2019 ਨੂੰ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕਰ ਕੇ ਮਾਮਲੇ ਦਰਜ ਕੀਤਾ ਸੀ।