ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਮੁਕੇਰੀਆਂ ਵਿਧਾਨ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਸਵੇਰੇ 7 ਵਜੇ ਆਰੰਭ ਹੋਈ ਵੋਟਿੰਗ ਪ੍ਰਕਿਰਿਆ ਦੀ ਰਫ਼ਤਾਰ 9 ਵਜੇ ਤਕ ਸੁਸਤ ਹੀ ਰਹੀ ਤੇ ਵੋਟਰਾਂ 'ਚ ਵੋਟਾਂ ਪਾਉਣ ਨੂੰ ਲੈ ਕੇ ਕੋਈ ਖਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਨੌਜਵਾਨ ਵੋਟਰਾਂ ਨਾਲੋਂ ਬਜ਼ੁਰਗ ਵੋਟਰਾਂ 'ਚ ਵੋਟ ਪਾਉਣ ਨੂੰ ਲੈ ਕੇ ਰੁਚੀ ਵਧੇਰੇ ਸੀ, ਜਿਸ ਕਾਰਨ ਬਜ਼ੁਰਗ ਵੋਟਰ ਸਵੇਰੇ-ਸਵੇਰੇ ਆਪਣੀ ਵੋਟ ਪਾਉਣ ਲਈ ਬੂਥਾਂ 'ਤੇ ਪੁੱਜੇ। ਜਿੱਥੇ 9 ਵਜੇ ਤਕ ਕਰੀਬ 12 ਫ਼ੀਸਦੀ ਵੋਟਾਂ ਹੀ ਪੋਲ ਹੋਈਆਂ ਉੱਥੇ ਹੀ 11 ਵਜਦੇ ਇਹ ਅੰਕੜਾ ਮਸਾਂ 23.5 ਫ਼ੀਸਦੀ ਹੀ ਪੁੱਜਾ। ਮੁਕੇਰੀਆਂ ਹਲਕੇ ਦੀ 6 ਵਜੇ ਤਕ ਕੁੱਲ ਵੋਟਰ ਟਰਨ ਆਊਟ ਸਿਰਫ਼ 59 ਫ਼ੀਸਦੀ ਹੀ ਰਹੀ, ਜਦਕਿ ਵਿਧਾਨ ਸਭਾ ਚੋਣਾਂ 2017 ਦੌਰਾਨ ਇਹ ਅੰਕੜਾ 70 ਫ਼ੀਸਦੀ ਰਿਹਾ ਸੀ। ਜ਼ਿਕਰਯੋਗ ਹੈ ਕਿ ਮੁਕੇਰੀਆਂ ਵਿਧਾਨ ਸਭਾ ਸੀਟ ਤਤਕਾਲੀਨ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਬੇਵਕਤੀ ਅਕਾਲ ਚਲਾਣੇ ਉਪਰੰਤ ਖ਼ਾਲੀ ਹੋਈ ਸੀ।

-

ਉਮੀਦਵਾਰਾਂ ਨੇ ਕੀਤਾ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ

241 ਬੂਥਾਂ 'ਤੇ ਚੱਲੀ ਵੋਟਿੰਗ ਪ੍ਰਕਿਰਿਆ ਦੌਰਾਨ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ ਬੂਥ ਨੰਬਰ 117 'ਤੇ ਪਰਿਵਾਰਿਕ ਮੈਂਬਰਾਂ ਸਮੇਤ ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਜਿੱਥੇ ਹਲਕੇ ਦੇ ਲੋਕ ਉਨ੍ਹਾਂ ਦੇ ਸਹੁਰੇ ਸਵ. ਡਾ. ਕੇਵਲ ਕਿ੍ਸ਼ਨ ਤੇ ਪਤੀ ਮਰਹੂਮ ਰਜਨੀਸ਼ ਕੁਮਾਰ ਬੱਬੀ ਦੇ ਕੀਤੇ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹਨ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ ਤੋਂ ਵੀ ਖੁਸ਼ ਨਜ਼ਰ ਆ ਰਹੇ ਹਨ ਤੇ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਹਾਸਲ ਹੋਵੇਗੀ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਰੋ. ਜੀਐੱਸ ਮੁਲਤਾਨੀ ਤੇ ਉਨ੍ਹਾਂ ਦੀ ਪਤਨੀ ਨੀਰੂ ਮੁਲਤਾਨੀ ਨੇ ਬੂਥ ਨੰਬਰ 208 'ਤੇ ਆਪਣੇ ਪਰਿਵਾਰ ਸਮੇਤ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਰੋ. ਮੁਲਤਾਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਸੋਚ ਤੇ ਏਜੰਡਾ ਲੈ ਕੇ ਲੋਕਾਂ ਵਿਚਕਾਰ ਗਈ ਸੀ ਤੇ ਹੁਣ ਹਲਕੇ ਦੇ ਵੋਟਰਾਂ ਵੱਲੋਂ ਫ਼ੈਸਲਾ ਦੇਣ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਉਹ ਆਸਵੰਦ ਹਨ ਕਿ ਆਮ ਆਦਮੀ ਪਾਰਟੀ ਮੁਕੇਰੀਆਂ ਸੀਟ ਤੋਂ ਜਿੱਤ ਪ੍ਰਰਾਪਤ ਕਰੇਗੀ।

ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਪਤਨੀ ਸ਼ਕੁੰਤਲਾ ਮਹਾਜਨ ਤੇ ਹੋਰ ਸਾਥੀਆਂ ਸਮੇਤ ਬੂਥ ਨੰਬਰ 100 'ਤੇ ਵੋਟ ਪਾਉਣ ਉਪਰੰਤ ਉਤਸ਼ਾਹ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚਲੀ ਕਾਂਗਰਸ ਸਰਕਾਰ ਨੇ ਪਿਛਲੇ ਢਾਈਆਂ ਸਾਲਾਂ ਦੌਰਾਨ ਲੋਕ ਮਾਰੂ ਨੀਤੀਆਂ ਨਾਲ ਜਨਤਾ ਨੂੰ ਦੁੱਖੀ ਕਰ ਦਿੱਤਾ ਹੈ ਤੇ ਖਾਸਕਰ ਹਲਕਾ ਮੁਕੇਰੀਆਂ ਵਿਕਾਸ ਪੱਖੋਂ ਬਹੁਤ ਹੀ ਪੱਛੜ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਲੋਕ ਗਠਜੋੜ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਹਲਕੇ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਤੋਰਨਗੇ।

ਆਪਣੀ ਵੋਟ ਪਾਉਣ ਉਪਰੰਤ ਸਾਰੇ ਉਮੀਦਵਾਰਾਂ ਨੇ ਹਲਕੇ ਦੇ ਕਈ ਸ਼ਹਿਰੀ ਤੇ ਪੇਂਡੂ ਬੂਥਾਂ ਦਾ ਦੌਰਾ ਕਰ ਕੇ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ ਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕੀਤੀ।

-

ਵੋਟਿੰਗ ਪ੍ਰਕਿਰਿਆ 'ਚ ਪਈ ਰੁਕਾਵਟ

ਸੂਚਨਾ ਅਨੁਸਾਰ ਜਿੱਥੇ ਮੌਕ ਪੋਲਿੰਗ ਦੌਰਾਨ ਕਰੀਬ 11 ਵੀਵੀਪੈਟ ਮਸ਼ੀਨਾਂ 'ਚ ਤਕਨੀਕੀ ਨੁਕਸ ਨਿਕਲਿਆ ਜਿਨ੍ਹਾਂ ਨੂੰ ਸਮੇਂ ਸਿਰ ਬਦਲ ਲਿਆ ਗਿਆ ਉੱਥੇ ਹੀ ਹਲਕੇ ਦੇ ਪਿੰਡ ਕੁੱਲੀਆਂ ਲੁਬਾਣਾ 'ਚ ਮਸ਼ੀਨ ਖ਼ਰਾਬ ਹੋਣ ਕਾਰਨ ਕਰੀਬ ਅੱਧਾ ਘੰਟਾ ਵੋਟਿੰਗ ਪ੍ਰਕਿਰਿਆ ਰੁੱਕੀ ਰਹਿਣ ਕਾਰਨ ਵੋਟਰਾਂ ਨੂੰ ਵੋਟ ਪਾਉਣ ਲਈ ਉਡੀਕ ਕਰਨੀ ਪਈ। ਇਸੇ ਤਰ੍ਹਾਂ ਪਿੰਡ ਪੁਰੋ ਚੱਕ ਵਿਖੇ ਮਸ਼ੀਨ 'ਚ ਖ਼ਰਾਬੀ ਪੈਣ ਕਾਰਨ ਵੋਟਿੰਗ ਪ੍ਰਕਿਰਿਆ ਪ੍ਰਭਾਵਿਤ ਹੋਈ ਤੇ ਦੋ ਵਾਰ ਮਸ਼ੀਨ ਬਦਲੀ ਕਰਨੀ ਪਈ। ਐੱਸਡੀਐੱਮ ਮੁਕੇਰੀਆਂ ਅਨੁਸਾਰ ਮਸ਼ੀਨਾਂ ਦੇ ਤਕਨੀਕੀ ਨੁਕਸ ਦੂਰ ਕਰਨ ਲਈ ਦੋ ਇੰਜੀਨੀਅਰਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ ਤੇ ਕੁਝ ਮਸ਼ੀਨਾਂ ਰਿਜ਼ਰਵ ਵੀ ਰੱਖੀਆਂ ਗਈਆਂ ਹਨ।

-

ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਲਿਆ ਜਾਇਜ਼ਾ

ਸ਼ਾਮ ਕਰੀਬ 5 ਵਜੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆਂ ਨੇ ਜਿੱਥੇ ਵੋਟਿੰਗ ਪ੍ਰਕਿਰਿਆ ਦੀ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਵੋਟਿੰਗ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ 24 ਅਕਤੂਬਰ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ, ਤਹਿਸੀਲਦਾਰ ਜਗਤਾਰ ਸਿੰਘ, ਡੀਐੱਸਪੀ ਰਵਿੰਦਰ ਸਿੰਘ, ਸੁਪਰਡੈਂਟ ਸਰੂਪ ਸਿੰਘ ਆਦਿ ਹਾਜ਼ਰ ਸਨ।