ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਵਾਤਾਵਰਨ ਸੁਰੱਖਿਆ ਦੇ ਸਬੰਧ 'ਚ ਇਕ ਵੱਡਾ ਕਦਮ ਚੁੱਕਦਿਆਂ ਆਪਣੇ 32 ਸਕੂਲ ਤੇ 21 ਕਾਲਜਾਂ ਦੇ 42 ਹਜ਼ਾਰ ਵਿਦਿਆਰਥੀਆਂ ਨਾਲ 'ਸਪੋਰਟ ਹੈਲਦੀ ਇਨਵਾਇਰਨਮੈਂਟ' ਮੁਹਿੰਮ ਦਾ ਅਗਾਜ਼ ਕੀਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੋਪੜਾ, ਸੀਮਾ ਸੋਨੀ (ਰੇਡਿਓ ਸਿਟੀ) ਅਤੇ ਐੱਮਡੀ ਮਨਹਰ ਅਰੋੜਾ ਵੱਲੋਂ ਹਰੀ ਝੰਡੀ ਦਿਖਾ ਕੇ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥਾਂ 'ਚ ਇਕ-ਇਕ ਬੂਟਾ ਤੇ ਜਾਗਰੂਕਤਾ ਫੈਲਾਉਂਦੇ ਹੋਏ ਬੈਨਰ, ਡਿਸਪਲੇ ਬੋਰਡ ਆਦਿ ਫੜਕੇ ਸਵੱਛਤਾ ਤੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ, ਪਾਣੀ ਬਚਾਉਣ, ਵੱਧ ਤੋਂ ਵੱਧ ਬੂਟੇ ਲਾਉਣ, ਕੂੜਾ ਇੱਧਰ-ਉਧਰ ਨਾ ਸੁੱਟਣ ਤੇ ਰੁੱਖਾਂ ਦੀ ਕਟਾਈ ਨਾ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਐੱਮਡੀ ਅਰੋੜਾ ਨੇ ਦੱਸਿਆ ਕਿ ਇਕ ਸਰਵੇ ਅਨੁਸਾਰ ਹੁਣ ਤਕ 60 ਲੱਖ ਤੋਂ ਵੱਧ ਮੌਤਾਂ ਦੁਨੀਆ ਭਰ 'ਚ ਸਿਰਫ ਵਾਤਾਵਰਨ 'ਚ ਫੈਲੀ ਗੰਦਗੀ ਕਾਰਨ ਹੋ ਚੁੱਕੀਆਂ ਹਨ। ਆਰਜੇ ਹਿਮਾਂਸ਼ੂ ਏਸੀਪੀ ਸੈਂਡੀ ਤੇ ਦੀਪਕ ਵੀ ਵਿਦਿਆਰਥੀਆਂ ਦੇ ਰੂਬਰੂ ਹੋਏ। ਇਸ ਮੌਕੇ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੋਪੜਾ, ਸੀਮਾ ਸੋਨੀ, ਐੱਮਡੀ ਅਰੋੜਾ ਨੇ ਬੂਟਾ ਲਗਾ ਕੇ ਆਪਣੇ-ਆਪ ਨੂੰ ਇਸ ਮੁਹਿੰਮ ਨਾਲ ਜੋੜਿਆ। ਇਸ ਦੌਰਾਨ ਤਿੰਨ ਹਾਜ਼ਰ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਤੇ ਜਾਗਰੂਕਤਾ ਫੈਲਾਉਣ ਦਾ ਪ੍ਰਣ ਵੀ ਕੀਤਾ। ਚੇਅਰਮੈਨ ਨੇ ਕਿਹਾ ਕਿ ਇਹ ਮੁਹਿੰਮ ਸੈਸ਼ਨ 2020-21 ਦੌਰਾਨ ਸੇਂਟ ਸੋਲਜਰ ਗਰੁੱਪ ਦਾ ਥੀਮ ਰਹੇਗਾ ਅਤੇ ਇਸ ਦੌਰਾਨ 42,000 ਵਿਦਿਆਰਥੀ ਵਾਤਾਵਰਨ ਦੇ ਹਿੱਤ 'ਚ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਤੋਹਫੇ 'ਚ ਦੇਣਾ ਚਹੁੰਦੇ ਹੋ ਤਾਂ ਉਹ ਸ਼ੁੱਧ ਵਾਤਾਵਰਨ ਹੋਣਾ ਚਾਹੀਦਾ ਹੈ ।