ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 39 ਮੁਕੇਰੀਆਂ ਦੀ ਉਪ ਚੋਣ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਪਾਂਡੂਰੰਗ ਪੋਲੇ ਤੇ ਉਮੀਦਵਾਰਾਂ/ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਮਾਈਕਰੋ ਅਬਜ਼ਰਵਰਾਂ, ਕਾਉਂਟਿੰਗ ਸਟਾਫ ਦੀ ਪਹਿਲੀ, ਜਦਕਿ ਈਵੀਐੱਮਜ਼ ਤੇ ਵੀਵੀਪੀਏਟੀ ਮਸ਼ੀਨਾਂ ਦੀ ਦੂਜੀ ਰੈਂਡੇਮਾਈਜੇਸ਼ਨ ਕਰਵਾਈ। ਇਸ ਮੌਕੇ ਐੱਸਐੱਸਪੀ ਗੌਰਵ ਗਰਗ, ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰਰੀਤ ਸਿੰਘ ਸੂਦਨ ਵੀ ਮੌਜੂਦ ਸਨ। ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਉਪ ਚੋਣ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਦੀ ਉਪ ਚੋਣ ਲਈ 187 ਪੋਲਿੰਗ ਸਟੇਸ਼ਨਾਂ ਲਈ ਮਾਈਕਰੋ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ, ਤਾਂ ਜੋ ਉਪ ਚੋਣ ਸ਼ਾਂਤੀਪੂਰਵਕ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹੀ ਜਾ ਸਕੇ। ਉਨ੍ਹਾਂ ਕਿਹਾ ਕਿ 444 ਮਾਈਕਰੋ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ 'ਚ 60 ਫ਼ੀਸਦੀ ਰਿਜ਼ਰਵ ਸਟਾਫ ਵੀ ਸ਼ਾਮਲ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ 'ਚ 21 ਅਕਤੂਬਰ ਨੂੰ ਵੋਟਾਂ ਪੈਣਗੀਆਂ, ਜਦਕਿ ਗਿਣਤੀ 24 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਵੋਟ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਪੋਲਿੰਗ ਸਟਾਫ ਨਿਯੁਕਤ ਕੀਤਾ ਗਿਆ ਹੈ, ਜਦਕਿ ਗਿਣਤੀ ਪ੍ਰਕਿਰਿਆ ਲਈ ਕਾਉਂਟਿੰਗ ਸਟਾਫ ਜ਼ਿੰਮੇਵਾਰੀ ਨਿਭਾਏਗਾ। ਉਨ੍ਹਾਂ ਕਿਹਾ ਕਿ ਗਿਣਤੀ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਹੋਵੇਗੀ, ਜਿਸ ਲਈ 311 ਕਾਉਂਟਿੰਗ ਸਟਾਫ ਨਿਯੁਕਤ ਕੀਤਾ ਗਿਆ ਹੈ, ਜਿਸ 'ਚ 100 ਫ਼ੀਸਦੀ ਰਿਜ਼ਰਵ ਸਟਾਫ ਸ਼ਾਮਲ ਹੈ।

ਜਨਰਲ ਅਬਜ਼ਰਵਰ ਪਾਂਡੂਰੰਗ ਪੋਲੇ ਤੇ ਉਮੀਦਵਾਰਾਂ/ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਮਾਈਕਰੋ ਅਬਜ਼ਰਵਰਾਂ ਅਤੇ ਕਾਉਂਟਿੰਗ ਸਟਾਫ ਦੀ ਰੈਂਡੇਮਾਈਜੇਸ਼ਨ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਈਵੀਐੱਮਜ਼ ਤੇ ਵੀਵੀਪੀਏਟੀ ਮਸ਼ੀਨਾਂ ਦੀ ਦੂਜੀ ਰੈਂਡੇਮਾਈਜੇਸ਼ਨ ਨੂੰ ਅੰਤਿਮ ਰੂਪ ਦਿੱਤਾ ਗਿਆ। ਈਸ਼ਾ ਕਾਲੀਆ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਭਾਰਤ ਚੋਣ ਕਮਿਸ਼ਨ ਦੀ ਇਲੈਕਸ਼ਨ ਮੈਨੇਜਮੈਂਟ ਪ੍ਰਣਾਲੀ ਦੁਆਰਾ ਮਸ਼ੀਨਾਂ ਦੀ ਵੰਡ ਬਿਲਕੁੱਲ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ। ਵੀਡੀਓਗ੍ਰਾਫੀ ਅਧੀਨ ਹੋਈ ਇਸ ਸਾਰੀ ਪ੍ਰਕ੍ਰਿਆਂ ਦੌਰਾਨ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਦੌਰਾਨ ਆਏ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੈਲਟ ਯੂਨਿਟ, ਕੰਟਰੋਲ ਯੂਨਿਟ, ਵੀਵੀਪੀਏਟੀ ਦੇ ਨਾਲ ਪੋਿਲੰਗ ਸਟੇਸ਼ਨਾਂ ਦੀ ਗਿਣਤੀ ਤੋਂ ਇਲਾਵਾ ਰਿਜਰਵ ਰੱਖੀ ਗਈ ਬੈਲਟ ਯੂਨਿਟ, ਕੰਟਰੋਲ ਯੂਨਿਟ, ਵੀਵੀਪੀਏਟੀ ਦੀ ਸੂਚੀ ਵੀ ਸੌਂਪੀ ਗਈ।

ਸਟਾਫ ਨੂੰ ਡਿਊਟੀ ਤਨਦੇਹੀ, ਇਮਾਨਦਾਰੀ ਅਤੇ ਉਤਸ਼ਾਹ ਨਾਲ ਨਿਭਾਉਣੀ ਚਾਹੀਦਾ : ਚੋਣ ਅਫਸਰ

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਨਿਯੁਕਤ ਕੀਤੇ ਗਏ ਸਟਾਫ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਉਤਸ਼ਾਹ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੋਿਲੰਗ ਸਟਾਫ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਮੁਕੇਰੀਆਂ ਵਿਧਾਨ ਸਭਾ ਹਲਕੇ 'ਚ 241 ਪੋਿਲੰਗ ਬੂਥ ਬਣਾਏ ਗਏ ਹਨ, ਜਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਦੀ ਉਪ ਚੋਣ 21 ਅਕਤੂਬਰ ਨੂੰ ਹੋ ਰਹੀ ਹੈ ਅਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਵਿਧਾਨ ਸਭਾ ਹਲਕੇ ਵਿਚ 1,95,503 ਵੋਟਰ ਅਤੇ 5,178 ਸਰਵਿਸ ਵੋਟਰ ਹਨ। ਇਸ ਮੌਕੇ ਤਹਿਸੀਲਦਾਰ (ਚੋਣਾਂ) ਕਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ ।