ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਜਿੱਥੇ ਇਕ ਪਾਸੇ ਸੱਤਾਧਾਰੀ ਕਾਂਗਰਸ ਪਾਰਟੀ ਵਿਕਾਸ ਦੀ ਦੁਹਾਈ ਦੇ ਕੇ ਜ਼ਿਮਨੀ ਚੋਣਾਂ 'ਚ ਵੋਟਾਂ ਮੰਗ ਰਹੀ ਹੈ ਉੱਥੇ ਹੀ ਦੂਜੇ ਪਾਸੇ ਗਲੀਆਂ-ਨਾਲੀਆਂ ਤੇ ਸੀਵਰੇਜ਼ ਦੇ ਸਹੀ ਪ੍ਰਬੰਧਾਂ ਦੀ ਮੰਗ ਨੂੰ ਲੈ ਕੇ ਮੁਕੇਰੀਆਂ ਸ਼ਹਿਰ ਦੇ ਵਾਰਡ ਨੰਬਰ-1 ਵਾਸੀਆਂ ਨੇ ਜ਼ਿਮਨੀ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।

ਮੁਕੇਰੀਆਂ ਦੇ ਵਾਰਡ ਨੰਬਰ-1 ਅਧੀਨ ਪੈਂਦੀ ਫਰੈਂਡਜ਼ ਕਾਲੋਨੀ, ਦਸ਼ਮੇਸ਼ ਕਾਲੋਨੀ, ਰਾਮ ਨਗਰ ਕਾਲੋਨੀ ਤੇ ਕਰਨਲ ਕੋਠੀ ਮੁਹੱਲਾ ਦੇ ਵਾਸੀਆਂ ਨੇ ਸ਼ਾਮ ਸਿੰਘ ਸ਼ਾਮਾ ਦੀ ਅਗਵਾਈ 'ਚ ਇਕੱਤਰਤਾ ਕਰ ਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਗੱਲਬਾਤ ਕਰਦੇ ਹੋਏ ਸ਼ਾਮ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ-1 ਦੇ ਕਰੀਬ 2000 ਵੋਟਰ ਹਨ ਤੇ ਇਹ ਮੁਕੇਰੀਆਂ ਸ਼ਹਿਰ ਦਾ ਸਭ ਤੋਂ ਵੱਡਾ ਵਾਰਡ ਹੈ, ਪਰ ਇਸ ਵਾਰਡ ਦੇ ਕਿਸੇ ਵੀ ਮੁਹੱਲੇ 'ਚ ਸੀਵਰੇਜ ਦਾ ਪ੍ਰਬੰਧ ਨਹੀਂ ਕੀਤਾ ਗਿਆ ਤੇ ਨਾ ਹੀ ਇਸਦੀਆਂ ਗਲੀਆਂ ਪੱਕੀਆਂ ਕਰਨ ਵੱਲ ਕੋਈ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਆਪਣੇ ਪੈਸੇ ਖ਼ਰਚ ਕੇ ਨਾਲੀਆਂ ਤਾਂ ਬਣਵਾਈਆਂ ਹਨ ਪਰ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਵੱਡੀ ਮਾਤਰਾ 'ਚ ਗਲੀਆਂ 'ਚ ਹੀ ਖੜ੍ਹਾ ਰਹਿੰਦਾ ਹੈ। ਗੰਦੇ ਪਾਣੀ ਦੇ ਖੜ੍ਹੇ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਾਰਡ ਅੰਦਰ ਸਟਰੀਟ ਲਾਈਟਾਂ ਨਹੀਂ ਹਨ ਤੇ ਨਾ ਹੀ ਪੀਣ ਯੋਗ ਪਾਣੀ ਲਈ ਵਾਟਰ ਸਪਲਾਈ ਦਾ ਪ੍ਰਬੰਧ ਹੈ। ਇੱਥੋਂ ਤਕ ਕਿ ਵਾਰਡ ਅੰਦਰ ਨਗਰ ਕੌਂਸਲ ਵੱਲੋਂ ਕੋਈ ਵੀ ਸਫ਼ਾਈ ਕਰਮਚਾਰੀ ਨਹੀਂ ਭੇਜਿਆ ਜਾਂਦਾ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿਤਾਇਆ ਸੀ। ਉਦੋਂ ਵਾਰਡ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਲਦੀ ਹੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ ਪਰ ਢਾਈ ਸਾਲ ਬੀਤ ਜਾਣ ਉਪਰੰਤ ਵੀ ਨਾ ਤਾਂ ਵਿਧਾਇਕ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਨੇ ਵਾਰਡ ਦੀ ਸਾਰ ਲਈ ਤੇ ਨਾ ਹੀ ਵਾਰਡ ਦੇ ਐੱਮਸੀ ਨੇ ਕੰਮ ਕਰਵਾਉਣ 'ਚ ਕੋਈ ਦਿਲਚਸਪੀ ਵਿਖਾਈ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਵੈਸੇ ਤਾਂ ਇਹ ਸ਼ਹਿਰ ਦਾ ਇਕ ਨੰਬਰ ਵਾਰਡ ਹੈ ਪਰ ਵਿਕਾਸ ਪੱਖੋਂ ਸਭ ਤੋਂ ਪੱਛੜਿਆ ਹੋਇਆ ਵਾਰਡ ਬਣ ਗਿਆ ਹੈ। ਇਸ ਸਮੇਂ ਵਾਰਡ ਵਾਸੀਆਂ ਨੇ ਸ਼ਾਮ ਸਿੰਘ ਸ਼ਾਮਾ ਨਾਲ ਇਕਸੁਰ ਹੋ ਕੇ ਜ਼ਿਮਨੀ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਸਿਆਸੀ ਨੁਮਾਇੰਦੇ ਵਾਰਡ 'ਚ ਵੋਟਾਂ ਲੈਣ ਨਾ ਆਉਣ। ਇਸ ਮੌਕੇ ਜਥੇਦਾਰ ਜਸਵੰਤ ਸਿੰਘ, ਬਲਕਾਰ ਸਿੰਘ, ਚੰਦਰ ਮੋਹਨ, ਉਂਕਾਰ ਸਿੰਘ, ਅਜੀਤ ਸਿੰਘ, ਕੇਵਲ ਸਿੰਘ, ਵਿੱਕੀ ਖੁਰਾਣਾ, ਜਗਦੀਸ਼ ਸਿੰਘ, ਪਿਆਰਾ ਲਾਲ, ਦਰਸ਼ਨ ਸਿੰਘ, ਵਿਨੋਦ ਕੁਮਾਰ, ਗੁਰਨਾਮ ਸਿੰਘ ਗਾਮਾ, ਬਲਬੀਰ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਕਰਨੈਲ ਸਿੰਘ, ਗੁਰਪ੍ਰਰੀਤ ਸਿੰਘ, ਜੋਗਿੰਦਰ ਸਿੰਘ, ਸੁਨੀਲ ਕੁਮਾਰ, ਭੁਪਿੰਦਰ ਸਿੰਘ, ਅੰਮਿ੍ਤ ਵਾਲੀਆ, ਬੀਨਾ ਕੁਮਾਰੀ, ਦਲਜੀਤ ਕੌਰ, ਤਿ੍ਪਤਾ ਦੇਵੀ, ਸੰਤੋਸ਼ ਕੁਮਾਰੀ, ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ ।