ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਮੁਕੇਰੀਆਂ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦੌਰਾਨ ਆਸ ਨਾਲੋਂ ਘੱਟ ਵੋਟਿੰਗ ਹੋਣ ਕਾਰਨ ਸਿਆਸੀ ਆਗੂਆਂ ਤੇ ਵਰਕਰਾਂ 'ਚ ਨਿਰਾਸ਼ਾ ਦਾ ਮਾਹੌਲ ਹੈ। ਜਿੱਥੇ ਚੋਣ ਪ੍ਰਚਾਰ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਹਰ ਸੰਭਵ ਯਤਨ ਕਰਦੇ ਹੋਏ ਵੋਟਰਾਂ ਨੂੰ ਆਪਣੀ ਪਾਰਟੀ ਪ੍ਰਤੀ ਵੋਟਿੰਗ ਕਰਨ ਲਈ ਪ੍ਰਰੇਰਿਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਉੱਥੇ ਹੀ ਸੋਮਵਾਰ ਮੱਠੀ ਰਫ਼ਤਾਰ ਨਾਲ ਚੱਲੀ ਵੋਟਿੰਗ ਪ੍ਰਕਿਰਿਆ ਨੇ ਸਿਆਸੀ ਆਗੂਆਂ ਤੇ ਵਰਕਰਾਂ ਦੇ ਹੌਂਸਲੇ ਢਾਹ ਦਿੱਤੇ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚੱਲੀ ਵੋਟਿੰਗ ਪ੍ਰਕਿਰਿਆ ਦੌਰਾਨ ਹਲਕੇ ਦੇ ਬਹੁਤੇ ਪੋਲਿੰਗ ਬੂਥ ਸੁੰਨੇ ਹੀ ਨਜ਼ਰ ਆਏ। ਵੋਟਰਾਂ 'ਚ ਘਟੀ ਹੋਈ ਚੋਣ ਰੁੱਚੀ ਨੂੰ ਦੇਖਦੇ ਹੋਏ ਸਿਆਸੀ ਸਫ਼ਾ 'ਚ ਹਲਚਲ ਦੇਖਣ ਨੂੰ ਮਿਲਦੀ ਰਹੀ।

---------

ਵੋਟਰਾਂ 'ਚ ਵੋਟਾਂ ਨੂੰ ਲੈ ਕੇ ਉਦਾਸਹੀਨਤਾ

ਵੋਟਿੰਗ ਗਿਣਤੀ ਘੱਟ ਰਹਿਣ ਦੇ ਕਾਰਨਾਂ ਬਾਰੇ ਜਾਣਨ ਲਈ 'ਪੰਜਾਬੀ ਜਾਗਰਣ' ਨੇ ਕੁੱਝ ਵੋਟਰਾਂ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਕੀਤੇ ਵਾਅਦਿਆਂ ਨੂੰ ਵਫ਼ਾ ਨਾ ਕਰ ਪਾਉਣ ਕਾਰਨ ਵੋਟਰਾਂ 'ਚ ਵਧੇਰੇ ਰੋਸ ਹੈ। ਵੋਟਰਾਂ ਦਾ ਕਹਿਣਾ ਸੀ ਕਿ ਪਹਿਲਾਂ ਪੰਚਾਇਤੀ ਚੋਣਾਂ ਤੇ ਫਿਰ ਲੋਕ ਸਭਾ ਚੋਣਾਂ 'ਚ ਉਤਸ਼ਾਹ ਨਾਲ ਹਿੱਸਾ ਲੈਣਾ ਵੀ ਕਿਸੇ ਕੰਮ ਨਹੀਂ ਆਇਆ ਤੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਜਿਸ ਕਾਰਨ ਹੁਣ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਵੋਟਰ ਰੁੱਚੀ ਨਹੀਂ ਦਿਖਾ ਰਹੇ।

-

ਕੀ ਕਹਿਣਾ ਖੇਤੀਬਾੜੀ ਮਜ਼ਦੂਰਾਂ ਤੇ ਕਿਸਾਨਾਂ ਦਾ

ਦੂਜੇ ਪਾਸੇ ਖੇਤੀਬਾੜੀ ਮਜ਼ਦੂਰ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵਿਹਲੇ ਨਹੀਂ ਹਨ ਤੇ ਝੋਨੇ ਦਾ ਸੀਜ਼ਨ ਚਲਦਾ ਹੋਣ ਕਾਰਨ ਜੇਕਰ ਉਨ੍ਹਾਂ ਕੋਲ੍ਹ ਸਮਾਂ ਹੋਵੇਗਾ ਤਾਂ ਵੋਟ ਪਾ ਆਉਣਗੇ। ਬਹੁਤੇ ਕਿਸਾਨ ਤੇ ਮਜ਼ਦੂਰ ਮੰਡੀ ਤੇ ਵਹਾਈ ਦੇ ਕੰਮਕਾਜ 'ਚ ਰੁੱਝੇ ਨਜ਼ਰ ਆਏ। ਉਨ੍ਹਾਂ ਰੋਸ ਜਾਹਰ ਕੀਤਾ ਕਿ ਕਿਸੇ ਵੀ ਉਮੀਦਵਾਰ ਤੇ ਕਿਸੇ ਵੀ ਸਰਕਾਰ ਨੇ ਡੁੱਬਦੀ ਕਿਸਾਨੀ ਦੀ ਕੋਈ ਸਾਰ ਨਹੀਂ ਲਈ ਸਿਰਫ਼ ਲਾਰੇ ਹੀ ਲਾਰੇ ਲਗਾਏ ਹਨ।

-

ਕੀ ਕਹਿਣਾ ਨੌਜਵਾਨ ਵੋਟਰਾਂ ਦਾ

ਨੌਜਵਾਨ ਵੋਟਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਮੌਜੂਦਾ ਰਾਜਨੀਤਕ ਸਿਸਟਮ ਪ੍ਰਤੀ ਨੌਜਵਾਨਾਂ 'ਚ ਬੇਭਰੋਸਗੀ ਦੀ ਭਾਵਨਾ ਹੈ। ਜ਼ਿਆਦਾਤਰ ਨੌਜਵਾਨ ਆਮ ਗੱਲਬਾਤ ਦੌਰਾਨ ਨਿਰਾਸ਼ਾ 'ਚ ਇਹ ਗੱਲ ਕਹਿੰਦੇ ਹਨ ਕਿ ਸਾਡੇ ਰਾਜਨੀਤਿਕ ਆਗੂਆਂ ਨੇ ਹੀ ਦੇਸ਼ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਜੇਕਰ ਉਨ੍ਹਾਂ ਨੇ ਇਨ੍ਹਾਂ 'ਚੋਂ ਕਿਸੇ ਨੂੰ ਵੋਟ ਪਾ ਵੀ ਦਿੱਤੀ ਤਾਂ ਵੀ ਉਸ ਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ।

------------

ਦਿਵਿਆਂਗਜਨ ਤੇ ਬਿਮਾਰ ਵੋਟਰਾਂ ਨੂੰ ਮਿਲੀ ਸਹੂਲਤ

ਜਿੱਥੇ ਇਕ ਪਾਸੇ ਵੋਟਿੰਗ ਸਹਿਜ ਗਤੀ ਨਾਲ ਚਲਦੀ ਰਹੀ ਉੱਥੇ ਹੀ ਦੂਜੇ ਪਾਸੇ ਹਲਕੇ ਦੇ ਵੱਖ-ਵੱਖ ਬੂਥਾਂ 'ਤੇ ਬਿਮਾਰ ਤੇ ਦਿਵਿਆਂਗ ਵੋਟਰ ਆਪਣੀ ਵੋਟ ਦਾ ਹੱਕ ਇਸਤੇਮਾਲ ਕਰਨ ਲਈ ਪੁੱਜੇ। ਹਲਕਾ ਮੁਕੇਰੀਆਂ ਦੇ ਦਿਵਿਆਂਗਜਨ ਤੇ ਬਿਮਾਰ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰਸ਼ਾਸਨ ਵੱਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਹਰ ਬੂਥ 'ਤੇ ਵੀਲ੍ਹਚੇਅਰ ਦੀ ਉਪਲੱਬਧਤਾ ਯਕੀਨੀ ਬਣਾਈ ਗਈ। ਦਿਵਿਆਂਗਜਨ, ਬਿਮਾਰ ਤੇ ਲੋੜਵੰਦ ਬਜ਼ੁਰਗਾਂ ਨੂੰ ਬੂਥਾਂ ਤਕ ਲਿਆਉਣ ਲਈ ਪ੍ਰਸ਼ਾਸਨ ਵੱਲੋਂ ਦਿਵਿਆਂਗਜਨ ਸੁਵਿਧਾ ਵਾਹਨ ਦਿੱਤੇ ਗਏ ਜਿਨ੍ਹਾਂ ਰਾਹੀਂ ਲੋੜਵੰਦ ਵੋਟਰਾਂ ਨੂੰ ਘਰ ਤੋਂ ਲਿਆਉਣਾ ਤੇ ਛੱਡਣਾ ਯਕੀਨੀ ਬਣਾਇਆ ਗਿਆ ਜਿਸ ਦਾ ਵੋਟਰਾਂ ਨੇ ਭਰਪੂਰ ਲਾਭ ਲਿਆ। ਇਸ ਤੋਂ ਇਲਾਵਾ ਦਿਵਿਆਂਗ ਤੇ ਬਿਮਾਰ ਵੋਟਰ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਵੀ ਵੋਟ ਪਾਉਣ ਆਉਂਦੇ ਵੇਖੇ ਗਏ। ਜ਼ਰੂਰਤਮੰਦ ਵੋਟਰਾਂ ਦੀ ਮਦਦ ਲਈ ਹਰ ਬੂਥ ਉੱਤੇ ਵਲੰਟੀਅਰ ਨਿਯੁਕਤ ਕੀਤੇ ਗਏ ਜਿਨ੍ਹਾਂ ਨੇ ਉਤਸ਼ਾਹ ਨਾਲ ਦਿਵਿਆਂਗਜਨਾਂ ਸਮੇਤ ਬਜ਼ੁਰਗਾਂ ਤੇ ਹੋਰ ਵੋਟਰਾਂ ਦੀ ਸਹਾਇਤਾ ਕੀਤੀ।