ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਬੁਲੰਦ ਹਨ। ਪੁਲਿਸ ਥਾਣੇ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਨੰਗਲ ਰੋਡ 'ਤੇ ਸੋਮਵਾਰ ਤੜਕਸਾਰ ਸਾਢੇ ਚਾਰ ਵਜੇ ਦੇ ਕਰੀਬ ਚੋਰਾਂ ਵੱਲੋਂ ਇਕ ਰੈਡੀਮੇਡ ਕੱਪੜੇ ਦੀ ਦੁਕਾਨ 'ਚੋਂ ਕਰੀਬ 2 ਤੋਂ 2.5 ਲੱਖ ਰੁਪਏ ਦਾ ਕੱਪੜਾ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਦੁਕਾਨ ਮਾਲਕ ਅਮਰਜੀਤ ਸਿੰਘ ਪੁੱਤਰ ਪ੍ਰਰੀਤਮ ਦਾਸ ਵਾਸੀ ਗੜ੍ਹੀ ਮੱਟੋ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਅੱਠ ਵਜੇ ਜਦ ਉਨਾਂ੍ਹ ਦਾ ਬੇਟਾ ਦੁਕਾਨ ਖੋਲ੍ਹਣ ਆਇਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਦਾ ਤਾਲਾ ਵੀ ਟੁੱਟਾ ਹੋਇਆ ਸੀ। ਜਦ ਉਨਾਂ੍ਹ ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਦੀਆਂ ਸੈਲਫਾਂ ਤੋਂ ਪੈਂਟਾਂ, ਟਰੈਕ ਸੂਟ, ਕੈਪਰੀਆਂ, ਪਜਾਮੇ, ਕਮੀਜ਼ਾਂ ਟੀ-ਸ਼ਰਟਾਂ, ਟੋਪੀਆਂ ਆਦਿ ਗਾਇਬ ਸਨ। ਉਨਾਂ੍ਹ ਦੱਸਿਆ ਕਿ ਉਨਾਂ੍ਹ ਦਾ ਦੋ ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਗੁਆਂਢ ਵਿਚ ਲੱਗੇ ਸੀਸੀਟੀਵੀ ਤੋਂ ਪਤਾ ਲੱਗਾ ਕਿ ਚੋਰ ਇਕ ਚਿੱਟੇ ਰੰਗ ਦੀ ਕਾਰ ਵਿੱਚ ਤੜਕਸਾਰ 4.34 ਵਜੇ ਆਏ ਅਤੇ 4.54 ਵਜੇ ਕਾਰ ਵਿਚ ਸਾਮਾਨ ਲੈ ਕੇ ਚਲੇ ਗਏ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।