ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਪਿੰਡ ਬਿਛੋਹੀ 'ਚ ਡਾਇਰੀਆ ਫੈਲਣ ਦੀ ਖ਼ਬਰ ਮਿਲਣ 'ਤੇ ਚੱਬੇਵਾਲ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਬਿਛੋਹੀ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ 'ਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੁਧਾਰਾਤਮਕ ਉਪਰਾਲਿਆ ਦੀ ਉਨ੍ਹਾਂ ਨੇ ਜਾਂਚ ਕੀਤੀ ਤੇ ਪਿੰਡ ਵਾਸੀਆਂ ਨੂੰ ਵੀ ਮਿਲ ਕੇ ਹਾਲਾਤਾਂ ਦੀ ਜਾਣਕਾਰੀ ਲਈ ਤੇ ਹਰ ਬਣਦਾ ਉਪਰਾਲਾ ਕਰਨ ਦਾ ਦਿਲਾਸਾ ਦਿੱਤਾ। ਇਸ ਮੌਕੇ 'ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਡਾ. ਰਾਜ ਨੇ ਇਸ ਮੁੱਦੇ 'ਤੇ ਵਿਚਾਰ ਵਟਾਂਦਰਾ ਕੀਤਾ। ਸਬੰਧਿਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਵਾਟਰ ਸਪਲਾਈ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਤੇ ਪਾਣੀ ਦੇ ਟੈਂਕਰਾਂ ਰਾਹੀਂ ਕਲੋਰੀਨ ਯੁਕਤ ਪਾਣੀ ਪਿੰਡ ਵਾਸੀਆਂ ਤਕ ਪਹੁੰਚਾਇਆ ਜਾ ਰਿਹਾ ਹੈ ਤੇ ਜੇਕਰ ਪਾਣੀ ਸਪਲਾਈ 'ਚ ਕਿੱਤੇ ਕੋਈ ਗੜਬੜੀ ਹੋਣ ਦੀ ਆਸ਼ੰਕਾ ਹੈ, ਉਸ ਨੂੰ ਚੈਕ ਕੀਤਾ ਜਾ ਰਿਹਾ ਹੈ। ਡਾਇਰੀਆ ਦੇ ਪੀੜਤ ਮਰੀਜ਼ਾਂ ਦੇ ਇਲਾਜ ਲਈ ਤੇ ਹੋਰਨਾਂ ਪਿੰਡ ਵਾਸੀਆਂ ਨੂੰ ਇਸ ਤੋਂ ਬਚਾਉਣ ਲਈ ਸਿਹਤ ਵਿਭਾਗ ਵੀ ਪੂਰੀ ਸਤਰਕਤਾ ਨਾਲ ਜੁਟਿਆ ਹੋਇਆ ਹੈ। ਪਾਲਦੀ ਪੀਐੱਚਸੀ ਦੇ ਐੱਸਐੱਮਓ ਡਾ. ਬਲਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਪਿੰਡ 'ਚ ਹੀ ਮੈਡੀਕਲ ਕੈਂਪ ਲਗਾਏ ਹੋਏ ਹਨ। ਡਾ. ਰਾਜ ਨੇ ਉਨ੍ਹਾਂ ਦੀ ਤੇ ਟੀਮ ਦੀ ਮਿਹਨਤ ਦੀ ਸ਼ਲਾਘਾ ਕੀਤੀ ਕਿ ਇਸ ਤਰ੍ਹਾਂ ਉਹ ਘਰ-ਘਰ ਤਕ ਇਸ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜੀਵਨ ਰਕਸ਼ਕ ਓਆਰਐੱਸ ਹੋਰ ਲੋੜੀਦੀਆ ਦਵਾਈਆ ਅਤੇ ਡਾਕਟਰੀ ਸਲਾਹ ਲੋਕਾਂ ਤਕ ਪਹੁੰਚਾਈ ਜਾ ਰਹੀ ਹੈ। ਇਸ ਅਵਸਰ ਤੇ ਡਾ. ਰਾਜ ਨੇ ਕਿਹਾ ਕਿ ਇਸ ਦੁਖਦਾਈ ਬਿਮਾਰੀ ਦੇ ਫੈਲਣ 'ਤੇ ਸਾਰਾ ਸਰਕਾਰੀ ਢਾਂਚਾ ਪੂਰੀ ਤਰ੍ਹਾਂ ਸਰਗਰਮ ਹੈ। ਇਸ ਨਾਲ ਲੜ ਕੇ ਇਸ ਤੇ ਕਾਬੂ ਪਾਉਣ 'ਚ ਜੀ -ਜਾਨ ਨਾਲ ਜੁੱਟਿਆ ਹੋਇਆ ਹੈ। ਉਹਨਾਂ ਬਿਛੋਹੀ ਵਾਸੀਆ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਤੱਕ ਹਰ ਬਣਦੀ ਮਦਦ ਪਹੁੰਚਾਈ ਜਾਵੇਗੀ ਅਤੇ ਭਵਿੱਖ 'ਚ ਇਹ ਬੀਮਾਰੀ ਦੁਬਾਰਾ ਨਾ ਫੈਲੇ ਉਸ ਲਈ ਬਣਦੇ ਉਚਿਤ ਕਦਮ ਚੁੱਕੇ ਜਾਣਗੇ। ਇਸ ਮੌਕੇ 'ਤੇ ਐੱਸਐੱਮਓ ਡਾ. ਬਲਵਿੰਦਰ ਸਿੰਘ, ਡਾ. ਮਨਜੀਤ ਸਿੰਘ, ਐਕਸੀਅਨ ਵਿਜੇ ਕੁਮਾਰ, ਐੱਸਡੀਓ ਪੜਦੁਮਨ ਸਿੰਘ ਵਾਟਰ ਸਪਲਾਈ ਮਾਹਿਲਪੁਰ, ਸੰਮਤੀ ਮੈਂਬਰ ਸਨਯੋਗਤਾ ਦੇਵੀ, ਸਾਬਕਾ ਸਰਪੰਚ ਜਸਵੰਤ ਸਿੰਘ, ਰਾਣਾ ਪਵਨ ਕੁਮਾਰ, ਰਾਣਾ ਪ੍ਰਰੇਮ ਨਾਥ, ਡਾ. ਕੁਲਵਿੰਦਰ ਸਿੰਘ, ਰਾਣਾ ਅਨਿਲ ਕੁਮਾਰ, ਸੁਸ਼ੀਲ ਕੁਮਾਰ ਆਦਿ ਮੌਜੂਦ ਸਨ ।