ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ : ਨਜ਼ਦੀਕੀ ਪਿੰਡ ਬੀਰਮਪੁਰ ਵਿਖੇ ਸ਼ਿਵ ਮੰਦਰ ਤੇ ਮੰਦਰ ਬਾਬਾ ਬਾਲਕ ਨਾਥ ਜੀ ਵਿਖੇ ਛੱਪੜ ਦਾ ਗੰਦਾ ਪਾਣੀ ਅੰਦਰ ਜਾ ਵੜਿਆ ‌ਜਿਸ ਕਾਰਨ ਲੋਕਾਂ ਨੂੰ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੋਣ ਕਾਰਨ ਮੱਥਾ ਟੇਕਣ 'ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ‌। ਇਸ ਕਾਰਨ ਪ੍ਰਸ਼ਾਸ਼ਨ ਖਿਲਾਫ਼ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੌਸਮ ਦੀ ਪਹਿਲੀ ਬਰਸਾਤ ਦਾ ਪਾਣੀ ਛੱਪੜ 'ਚ ਗਿਆ ਜਿਥੋਂ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਮੰਦਰਾਂ 'ਚ ਦਾਖਲ ਹੋ ਗਿਆ। ਪਿੰਡ ਬੀਰਮਪੁਰ ਦੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੰਚਾਇਤ ਵੱਲੋਂ ਪ੍ਰਸ਼ਾਸਨ ਤੋਂ ਇਸ ਮਸਲੇ ਦੇ ਹੱਲ ਸਬੰਧੀ ਮੰਗ ਰੱਖੀ ਗਈ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਐਸਡੀਐਮ ਅਰਵਿੰਦ ਗੁਪਤਾ ਨੇ ਕਿਹਾ ਕਿ ਜਿਹੜੇ ਬੰਨ ਸਬੰਧੀ ਪਿੰਡ ਵਾਸੀਆਂ ਦਾ ਇਤਰਾਜ਼ ਹੈ ਜੇਕਰ ਉਸ ਬੰਨ੍ਹ ਨੂੰ ਹਟਾਇਆ ਗਿਆ ਤਾਂ ਦੂਸਰੇ ਪਾਸੇ ਵਾਲੇ ਪਾਣੀ ਦਾਖ਼ਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਪ ਰਾਹੀਂ ਪਾਣੀ ਜਲਦ ਹੀ ਕਢਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਸਥਾਈ ਹੱਲ ਲਈ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਬਾਹਰ ਕੱਢਣ ਲਈ ਅੰਡਰਗਰਾਊਂਡ ਪਾਈਪਲਾਈਨ ਵਿਛਾਉਣ ਦੀ ਪ੍ਰਪੋਜ਼ਲ ਪਾਸ ਹੋ ਚੁੱਕੀ ਹੈ। ਫੰਡ ਜਾਰੀ ਹੋਣ 'ਤੇ ਇਸ ਕੰਮ ਨੂੰ ਚਾਲੂ ਕਰ ਦਿੱਤਾ ਜਾਵੇਗਾ।

Posted By: Amita Verma