ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਸਾਰੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਸਹਾਇਕ ਚੋਣ ਰਜਿਸਟੇ੍ਸ਼ਨ ਅਧਿਕਾਰੀਆਂ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸਵੀਪ ਤਹਿਤ ਗਤੀਵਿਧੀਆਂ ਵਧਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਨੌਜਵਾਨ ਵੋਟਰਾਂ ਦੀ ਇਨਰੋਲਮੈਂਟ ਨੂੰ ਵਧਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਉਕਤ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿੱਖਿਆ ਵਿਭਾਗ ਅਤੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੌਜਵਾਨ ਵੋਟਰਾਂ ਦੀ ਵੋਟ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਵੋਟਰ ਬਣਨ ਲਈ ਪ੍ਰਰੇਰਿਤ ਕਰਨ ਜਿਨ੍ਹਾਂ ਨੇ ਆਪਣੀ ਵੋਟ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਉਹ ਕੋਵਿਡ-19 ਦੇ ਇਸ ਦੌਰ ਵਿਚ ਸਾਰੇ ਸਿੱਖਿਅਕ ਅਦਾਰਿਆਂ ਦੇ ਨੋਡਲ ਅਧਿਕਾਰੀ ਤੇ ਇਲੈਕਟਰੋਲ ਲਿਟਰੇਸੀ ਕਲੱਬ ਦੇ ਇੰਚਾਰਜ ਨਾਲ ਆਨਲਾਈਨ ਮੀਟਿੰਗ ਕਰਨ ਅਤੇ ਕਲੱਬਾਂ ਦੇ ਕੈਂਪਸ ਅੰਬੈਸਡਰ ਰਾਹੀਂ ਵਿਧਾਨ ਸਭਾ ਪੱਧਰ 'ਤੇ ਸਵੀਪ ਗਤੀਵਿਧੀਆਂ ਦਾ ਪ੍ਰਚਾਰ ਕਰਨ। ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੀਆਂ ਸਵੀਪ ਟਰੇਨਿੰਗਾਂ ਵਿਚ ਇਲੈਕਟਰੋਲ ਲਿਟਰੇਸੀ ਕਲੱਬ ਨਾਲ ਸਬੰਧਤ ਜ਼ਿਲ੍ਹਾ ਪੱਧਰ ਦੇ ਮਾਸਟਰ ਟਰੇਨਰਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਪੀ.ਡਬਲਯੂ.ਡੀ ਆਈਕਨ, ਟਰਾਂਸਜੈਂਡਰ ਕਮਿਊਨਿਟੀ ਦੇ ਡੇਰਾ ਪ੍ਰਮੁੱਖ ਦੇ ਜਾਗਰੂਕਤਾ ਫੈਲਾਉਣ ਵਾਲੇ ਵੀਡੀਓ ਮੈਸੇਜ, ਸੋਸ਼ਲ ਮੀਡੀਆ 'ਤੇ ਸ਼ਾਮਲ ਕੀਤੇ ਜਾਣ।

ਅਪਨੀਤ ਰਿਆਤ ਨੇ ਕਿਹਾ ਕਿ ਵੋਟ ਦੇ ਮਹੱਤਵ, ਇਸ ਦਾ ਇਸਤੇਮਾਲ ਕਰਨਾ ਕਿਉਂ ਜ਼ਰੂਰੀ ਹੈ ਸਬੰਧੀ ਆਨਲਾਈਨ ਡਿਬੇਟ, ਕਵਿਜ, ਸਪੀਚ, ਮੁਕਾਬਲੇ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਵੋਟਰਾਂ ਵਿਚ ਇਸ ਸਬੰਧੀ ਉਤਸ਼ਾਹ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਪੱਧਰ 'ਤੇ ਕਾਲਜ ਨੋਡਲ ਅਧਿਕਾਰੀ, ਐਨਜੀਓਜ਼, ਸਪੀਵ ਪਾਰਟਨਰ ਏਜੰਸੀ, ਕੈਂਪਸ ਅੰਬੈਸਡਰ, ਬੀਐਲਓਜ਼, ਸੁਪਰਵਾਈਜ਼ਰ ਨਾਲ ਸਮੇਂ-ਸਮੇਂ 'ਤੇ ਸਵੀਪ ਗਤੀਵਿਧੀਆਂ ਨਾਲ ਸਬੰਧਤ ਵੈਬੀਨਾਰ ਕੀਤੇ ਜਾਣ, ਜਿਸ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਰਿਪੋਰਟ 'ਤੇ ਭਵਿੱਖ ਲਈ ਰਣਨੀਤੀ ਬਣਾਈ ਜਾਵੇ।