ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਢੱਕੀ ਵਿਖੇ ਤਿੰਨ ਧੀਆਂ ਦੀ ਮਾਂ ਨੇ ਪਤੀ ਤੇ ਮਾਮੇ ਸਹੁਰੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਰਜਵਿੰਦਰ ਕੌਰ (38) ਪਤਨੀ ਸੁਖਵਿੰਦਰ ਸਿੰਘ ਵਾਸੀ ਢੱਕੀ ਵਜੋਂ ਹੋਈ ਹੈ।

ਇਸ ਸਬੰਧੀ ਮ੍ਰਿਤਕਾ ਦੇ ਭਰਾ ਜਸਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਹਰਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਰਾਜਵਿੰਦਰ ਕੌਰ (38) ਦਾ ਵਿਆਹ ਸੁਖਵਿੰਦਰ ਸਿੰਘ ਨਾਲ ਹੋਇਆ ਸੀ, ਜਿਸ ਦੀਆਂ ਤਿੰਨ ਬੇਟੀਆਂ ਹਨ। ਉਸ ਨੇ ਦੱਸਿਆ ਕਿ ਉਸ ਦਾ ਜੀਜਾ ਕੋਈ ਕੰਮ ਨਹੀਂ ਕਰਦਾ ਸੀ, ਜਦੋਂ ਉਸ ਦੀ ਭੈਣ ਉਸ ਨੂੰ ਕੋਈ ਕੰਮ ਕਰਨ ਲਈ ਕਹਿੰਦੀ ਸੀ ਤਾਂ ਉਸ ਨਾਲ ਕੁੱਟਮਾਰ ਕਰਦਾ ਸੀ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਉਸ ਦੀ ਭਾਣਜੀ ਨੇ ਫੋਨ ਕਰ ਕੇ ਦੱਸਿਆ ਕਿ ਮੰਮੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਨ੍ਹਾਂ ਉੱਥੇ ਪਹੁੰਚ ਕੇ ਉਸ ਨੂੰ ਤੁਰੰਤ ਭੂੰਗਾਂ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ। ਉੱਥੇ ਰਾਤ ਕਰੀਬ ਡੇਢ ਵਜੇ ਉਸ ਦੀ ਮੌਤ ਹੋ ਗਈ। ਮੌਤ ਦੀ ਸੂਚਨਾ ਮਿਲਦੇ ਹੀ ਥਾਣਾ ਹਰਿਆਣਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਰਜਵਿੰਦਰ ਕੌਰ ਦੀਆਂ ਤਿੰਨ ਬੇਟੀਆਂ ਹਨ ਜਿਨ੍ਹਾਂ ਦੀ ਉਮਰ 17, 15 ਤੇ 11 ਸਾਲ ਹੈ।

Posted By: Seema Anand