ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸ਼ੁਕਰਵਾਰ ਨੂੰ ਐੱਸਡੀਐੱਮ ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਨੇ ਨਾਰਾ ਅਤੇ ਡਾਡਾ ਖੇਤਰ ਦਾ ਕਰੀਬ ਪੰਜ ਘੰਟੇ ਦੌਰਾ ਕੀਤਾ ਅਤੇ ਗੈਰਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਦਾ ਜਾਇਜ਼ਾ ਲਿਆ। ਇਸ ਸਮੇਂ ਉਨ੍ਹਾਂ ਜਿੱਤੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਮਾਮਲੇ ਨੂੰ ਬਾਈਨੇਮ ਤਬਦੀਲ ਕਰਵਾਇਆ ਉੱਥੇ ਹੀ ਇਕ ਹੋਰ ਮਾਈਨਿੰਗ ਵਾਲੀ ਜਗ੍ਹਾ ਦੇ ਖਸਰੇ ਦੀ ਜਾਂਚ ਕਰਵਾ ਕੇ ਉਕਤ ਜ਼ਮੀਨ ਦੇ ਮਾਲਕ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਵਾਇਆ।

ਡਾਡਾ 'ਚ ਹੋ ਰਹੀ ਮਾਈਨਿੰਗ ਦਾ ਮੁੱਦਾ ਮੀਡੀਆ 'ਚ ਉਠਾਏ ਜਾਣ ਤੋਂ ਬਾਅਦ ਐੱਸਡੀਐੱਮ ਮੇਜਰ ਅਮਿਤ ਸਰੀਨ ਡੀਐੱਸਪੀ ਸਿਟੀ ਜਗਦੀਸ਼ ਰਾਜ ਅੱਤਰੀ ਅਤੇ ਮਾਈਨਿੰਗ ਅਧਿਕਾਰੀ ਸਮੇਤ ਨਾਰਾ-ਡਾਡਾ ਪੁੱਜੇ ਅਤੇ ਹੋਰ ਰਹੀ ਮਾਈਨਿੰਗ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਦੇ ਹੱਥ ਸਫ਼ਲਤਾ ਉਦੋਂ ਲੱਗੀ ਜਦੋਂ ਨਾਰਾ ਪਿੰਡ ਦੇ ਦੌਰੇ ਦੌਰਾਨ ਨਾਰਾ ਦੇ ਕਾਂਗਰਸੀ ਸਰਪੰਚ ਮਨੀਸ਼ ਉਰਫ਼ ਲੱਕੀ ਪੁੱਤਰ ਸਵਰਨ ਚੰਦ ਨੂੰ ਮਾਈਨਿੰਗ ਦੇ ਗੋਰਖ ਧੰਦੇ 'ਚ ਸ਼ਾਮਲ ਪਾਇਆ ਗਿਆ। ਪੁਲਿਸ ਨੇ ਉਕਤ ਸਰਪੰਚ ਨੂੰ ਮੌਕੇ 'ਤੇ ਹੀ ਗਿ੍ਰਫ਼ਤਾਰ ਕਰ ਲਿਆ। ਇਸੇ ਦੌਰਾਨ ਪਿੰਡ 'ਚ ਹੀ ਕੀਤੀ ਜਾ ਰਹੀ ਇਕ ਉਸਾਰੀ ਨੇੜੇ ਖੜ੍ਹੀ ਰੇਤ ਦੀ ਟਰਾਲੀ ਬਾਰੇ ਐੱਸਡੀਐੱਮ ਅਮਿਤ ਸਰੀਨ ਨੇ ਪੜਤਾਲ ਕੀਤੀ ਤਾਂ ਉਹ ਵੀ ਗ਼ੈਰ ਕਾਨੂੰਨੀ ਸਿੱਧ ਹੋਈ। ਜਿਸ ਉਪਰੰਤ ਪੁਲਿਸ ਨੇ ਰੇਤ ਦੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ। ਹੁਣ ਤਕ ਇਸ ਮਾਮਲੇ 'ਚ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਉੱਤੇ ਕਾਰਵਾਈ ਕੀਤੀ ਹੈ ਜਦਕਿ ਦੋ ਵਿਅਕਤੀਆਂ ਖਿਲਾਫ਼ ਬਾਈਨੇਮ ਪਰਚਾ ਕੀਤਾ ਗਿਆ ਹੈ।

ਡਾਡਾ ਵਿੱਚ ਮਾਈਨਿੰਗ ਕਰਨ ਵਾਲੇ ਮਾਮਲਿਆਂ ਵਿੱਚ ਦਰਜ਼ ਹੋਏ ਦੋ ਪਰਚਿਆਂ ਵਿੱਚ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਗਿਆਨ ਚੰਦ ਪੁੱਤਰ ਬਿਸ਼ਨ ਚੰਦ ਦੇ ਨਾਮ ਸ਼ਾਮਲ ਹਨ ਜਦਕਿ ਨਾਰਾ ਪਿੰਡ ਵਿੱਚ ਦਰਜ਼ ਹੋਏ ਦੋ ਮਾਮਲਿਆਂ ਵਿੱਚ ਪਿੰਡ ਦੇ ਕਾਂਗਰਸੀ ਸਰਪੰਚ ਮਨੀਸ਼ ਪੁੱਤਰ ਸਵਰਨ ਚੰਦ ਅਤੇ ਜਸਵੰਤ ਸਿੰਘ ਦੇ ਨਾਮ ਸ਼ਾਮਲ ਹਨ। ਪੁਲਿਸ ਵੱਲੋਂ ਫੜ੍ਹੀ ਗਈ ਟਰਾਲੀ ਕਿਸਨੇ ਮੰਗਵਾਈ ਸੀ ਅਤੇ ਇਸਦਾ ਮਾਲਿਕ ਕੌਣ ਹੈ ਇਸਦੀ ਜਾਂਚ ਅਜੇ ਪੁਲਿਸ ਕਰ ਰਹੀ ਹੈ।

-

ਕੁਲਵਿਦੰਰ ਦੀ ਗਿ੍ਰਫ਼ਤਾਰੀ ਉਪਰੰਤ ਗੈਰ ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਭਾਜਪਾਈ ਹੋਣਗੇ ਬੇਨਕਾਬ

ਸ਼ੁੱਕਰਵਾਰ ਨੂੰ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਤਹਿਤ ਕੁਲਵਿੰਦਰ ਨੂੰ ਨਾਮਜਦ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕੁਲਵਿੰਦਰ ਦੀ ਜ਼ਮੀਨ ਵਿੱਚੋਂ ਹੀ ਭਾਜਪਾ ਦੇ ਦੋ ਕੱਦਵਾਰ ਨੇਤਾ ਵੱਡੇ ਪੱਧਰ ਉੱਤੇ ਮਾਈਨਿੰਗ ਕਰਦੇ ਸਨ। ਮਾਈਨਿੰਗ ਦੇ ਨਾਲ-ਨਾਲ ਜੋ ਵੀ ਦਰਖ਼ਤ ਮਾਈਨਿੰਗ ਵਿੱਚ ਰੁਕਾਵਟ ਬਣਦੇ ਉਹ ਵੀ ਵੱਢ ਦਿੱਤੇ ਗਏ। ਕੁਲਵਿੰਦਰ ਦੀ ਗਿ੍ਰਫ਼ਤਾਰੀ ਉਪਰੰਤ ਇਹ ਤਸਵੀਰ ਸਾਫ਼ ਹੋਵੇਗੀ ਕਿ ਉਹ ਦੋ ਭਾਜਪਾ ਨੇਤਾ ਕੌਣ ਹਨ ਜਿਨ੍ਹਾਂ ਨੇ ਸੱਤਾਧਾਰੀਆਂ ਨਾਲ ਮਿਲੀਭੁਗਤ ਕਰਕੇ ਕਰੋੜਾਂ ਰੁਪਏ ਹਜ਼ਮ ਕਰ ਲਏ।

-

ਕਾਂਗਰਸ ਸਰਪੰਚ ਬੋਲਿਆ, ਮੰਤਰੀ ਅਰੋੜਾ ਨਾਲ ਗੱਲ ਕਰਵਾ ਦਿਆਂ

ਖੇਤਾਂ ਦੇ ਨਾਲ ਜਿੰਨੀ ਜ਼ਮੀਨ ਸੀ ਸਰਪੰਚ ਲੱਕੀ ਨੇ ਮਾਇਨਿੰਗ ਕਰਵਾ ਦਿੱਤੀ। ਜਦੋਂ ਉਸਤੋਂ ਪੁੱਿਛਆ ਗਿਆ ਤਾਂ ਉਹ ਪਹਿਲਾਂ ਤਾਂ ਟਾਲਮਟੋਲ ਕਰਦਾ ਰਿਹਾ। ਫਿਰ ਜ਼ੋਰ ਦੇ ਕੇ ਪੁੱਛੇ ਜਾਣ ਉੱਤੇ ਉਸਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਉਸਨੇ ਕਿਹਾ ਕਿ ਜੇਕਰ ਕਹੋ ਤਾਂ ਉਹ ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਗੱਲ ਕਰਵਾ ਸਕਦਾ ਹੈ। ਪਰ ਐੱਸਡੀਐੱਮ ਮੇਜਰ ਅਮਿਤ ਸਰੀਨ ਅੱਗੇ ਉਸਦੀ ਇੱਕ ਨਾ ਚੱਲੀ ਤੇ ਸਰਪੰਚ ਨੂੰ ਮੌਕੇ ਤੇ ਹੀ ਗਿ੍ਰਫ਼ਤਾਰ ਕਰ ਲਿਆ ਗਿਆ।

-

ਗੈਰ ਕਾਨੂੰਨੀ ਮਾਈਨਿੰਗ ਵੇਖ ਅਧਿਕਾਰੀ ਰਹਿ ਗਏ ਹੈਰਾਨ

ਜਦੋਂ ਐੱਸਡੀਐੱਮ ਮੇਜਰ ਅਮਿਤ ਸਰੀਨ ਪੁਲਿਸ ਪਾਰਟੀ ਨਾਲ ਡਾਡਾ ਦੇ ਇਲਾਕੇ ਵਿੱਚ ਪੁੱਜੇ ਤਾਂ ਉਨ੍ਹਾਂ ਨੂੰ ਇਸ ਤੋਂ ਥੋੜ੍ਹੀ ਦੂਰੀ 'ਤੇ ਇਕ ਟਕ ਮਿਲਿਆ ਜਿੱਥੋਂ ਵੱਡੇ ਪੱਧਰ ਉੱਤੇ ਮਾਇਨਿੰਗ ਕੀਤੀ ਜਾ ਚੁੱਕੀ ਸੀ। ਇਸਦੇ ਬਾਅਦ ਜਦੋਂ ਐੱਸਡੀਐੱਮ ਨਾਰਾ ਪਿੰਡ ਪੁੱਜੇ ਤਾਂ ਸਰਪੰਚ ਵੱਲੋਂ ਹੀ ਗੈਰ ਕਾਨੂੰਨੀ ਮਾਈਨਿੰਗ ਕਰਵਾਉਣ ਦਾ ਪਰਦਾ ਫ਼ਾਸ਼ ਹੋਇਆ। ਸਰਪੰਚ ਨੇ ਖੇਤਾਂ ਦੇ ਨਾਲ ਲੱਗਦੀ ਜ਼ਮੀਨ ਲੈ ਕੇ ਜ਼ਮੀਨ ਨੂੰ ਪੱਧਰ ਕਰਨ ਦੇ ਚੱਕਰ ਵਿੱਚ ਵੱਡੀ ਪੱਧਰ ਉੱਤੇ ਮਾਈਨਿੰਗ ਕਰ ਲਈ ਜਦਕਿ ਅਧਿਕਾਰੀ ਇਹੀ ਸਮਝਦੇ ਰਹੇ ਕਿ ਖੇਤੀਬਾੜੀ ਦਾ ਕੰਮ ਚੱਲ ਰਿਹਾ ਹੈ। ਜਦੋਂ ਐੱਸਡੀਐੱਮ ਅਤੇ ਡੀਐੱਸਪੀ ਸਿਟੀ ਖੇਤਾਂ ਦੇ ਦਰਮਿਆਨ ਤੱਕ ਪੁੱਜੇ ਤਾਂ ਗੈਰ ਕਾਨੂੰਨੀ ਮਾਈਨਿੰਗ ਦਾ ਮੰਜ਼ਰ ਦੇਖ ਕੇ ਸਭ ਦੇ ਰੌਂਗਟੇ ਖੜ੍ਹੇ ਹੋ ਗਏ।