ਹਰਪਾਲ ਭੱਟੀ, ਗੜ੍ਹਦੀਵਾਲਾ : ਐਤਵਾਰ ਰਾਤ ਗੜ੍ਹਦੀਵਾਲਾ ਕਾਲਰਾ ਰੋਡ ਤੇ ਪੈਂਦੀ ਬਲਾਲਾ ਚੋਈ 'ਚ ਕਾਰ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਵਲੋਂ ਕਮੇਟੀਆਂ ਦੇ ਪੈਸੇ ਇਕੱਠੇ ਕਰਕੇ ਆਪਣੇ ਘਰ ਪਰਤ ਰਹੇ ਸਕੂਟਰੀ ਸਵਾਰ ਪਤੀ ਪਤਨੀ ਕੋਲੋਂ ਲਗਪਗ 35 ਹਜ਼ਾਰ ਰੁਪਏ ਨਕਦੀ ਖੋਹਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਅਕੁੱਲ ਪੁੱਤਰ ਰਾਮ ਬਹਾਦਰ ਵਾਂਰਡ ਨੰਬਰ-2 ਹੰਸ-ਨਗਰ ਨੇ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਐਤਵਾਰ ਸ਼ਾਮ ਆਪਣੀ ਸਕੂਟਰੀ 'ਤੇ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਸਵਾਰ ਹੋ ਕੇ ਆਪਣੇ ਸੁਹਰਾ ਪਿੰਡ ਕੇਸੋਪੁਰ ਤੋਂ ਵਾਪਸ ਆ ਰਹੇ ਸੀ। ਜਦੋਂ ਉਹ ਬਲਾਲਾ ਚੋਈ ਵਿਖੇ ਪੁੱਜਾ ਤਾਂ ਪਿੱਛੋਂ ਇਕ ਕਾਰ 'ਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਉਸਦੀ ਸਕੂਟਰੀ 'ਚ ਗੱਡੀ ਮਾਰ ਦਿੱਤੀ ਗਈ ਤੇ ਅਸੀਂ ਸਕੂਟਰੀ ਤੋਂ ਡਿੱਗ ਗਏ, ਤਾਂ ਏਨੇ ਨੂੰ ਤਿੰਨ ਵਿਅਕਤੀ ਕਾਰ 'ਚੋਂ ਬਾਹਰ ਨਿਕਲੇ ਤੇ ਇਕ 'ਚ ਬੈਠਾ ਰਿਹਾ। ਉਨ੍ਹਾਂ ਤਰੁੰਤ ਉਸ ਦੀ ਪਤਨੀ ਦੀ ਧੌਣ 'ਤੇ ਕਿਰਪਾਨ ਰੱਖ ਕੇ ਪਰਸ ਖੋਹ ਕੇ ਫਰਾਰ ਹੋ ਗਏ। ਜਿਸ 'ਚ ਲਗਪਗ 35 ਹਜ਼ਾਰ ਦੀ ਨਕਦੀ ਤੇ ਬੱਚਿਆਂ ਦੇ ਜ਼ਰੂਰੀ ਕਾਗਜ਼ਾਤ ਸਨ। ਗੜ੍ਹਦੀਵਾਲਾ ਪੁਲਿਸ ਵਲੋਂ ਉੱਕਤ ਵਿਅਕਤੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।