ਸਤਨਾਮ ਲੋਈ, ਮਾਹਿਲਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ 'ਚ ਪਿਛਲੇ ਕਈ ਦਿਨਾਂ ਤੋਂ ਤੇਜ਼ਧਾਰ ਹਥਿਆਰ ਲਿਆ ਕੇ ਅਧਿਆਪਕਾਂ ਨੂੰ ਡਰਾਉਣ ਵਾਲੇ ਵਿਦਿਆਰਥੀਆਂ ਦਾ ਸਕੂਲ 'ਚੋਂ ਨਾਮ ਕੱਟ ਦਿੱਤਾ ਗਿਆ। ਪਿਛਲੇ ਕੁੱਝ ਦਿਨਾਂ ਤੋਂ ਅਜਿਹੇ ਵਿਦਿਆਰਥੀਆਂ ਕਾਰਨ ਡਰ ਦਾ ਮਾਹੌਲ ਸੀ। ਪ੍ਰਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਿਛਲੇ ਕੁੱਝ ਦਿਨਾਂ ਤੋਂ ਅੱਠਵੀਂ ਜਮਾਤ ਦੇ ਚਾਰ ਵਿਦਿਆਰਥੀ ਆਪਣੇ ਨਾਲ ਤੇਜ਼ਧਾਰ ਹਥਿਆਰ ਲੈ ਕੇ ਆ ਰਹੇ ਸਨ ਜਿਸ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ 'ਚ ਵੀ ਡਰ ਦਾ ਮਾਹੌਲ ਸੀ। ਵਿਦਿਆਰਥੀਆਂ 'ਚੋਂ ਇਕ ਕੋਲੋਂ ਪਹਿਲਾਂ ਕ੍ਰਿਪਾਨ ਮਿਲੀ ਸੀ ਤੇ ਉਸ ਤੋਂ ਬਾਅਦ ਇਕ ਤੋਂ ਬਾਅਦ ਚਾਰ ਵਿਦਿਆਰਥੀਆਂ ਕੋਲੋਂ ਵੱਖ-ਵੱਖ ਤਰ੍ਹਾਂ ਦੇ ਤੇਜ਼ਧਾਰ ਹਥਿਆਰ ਮਿਲੇ। ਇਨ੍ਹਾਂ ਹਥਿਆਰਾਂ ਨੂੰ ਸਕੂਲ ਦੇ ਡੀਪੀ ਤੇ ਸਮਾਜਿਕ ਸਿੱਖਿਆ ਦੇ ਦੇ ਇਕ ਅਧਿਆਪਕ ਨੇ ਕਾਬੂ ਕੀਤਾ। ਅਧਿਆਪਕਾਂ ਨੂੰ ਇਨ੍ਹਾਂ ਹਥਿਆਰਾਂ ਵਾਰੇ ਸਕੂਲ ਦੇ ਦੂਜੇ ਵਿਦਿਆਰਥੀਆਂ ਨੇ ਸ਼ਿਕਾਇਤ ਲਗਾ ਕੇ ਦੱਸਿਆ। ਸਕੂਲ ਦੇ ਅੰਦਰਲੇ ਸੂਤਰਾਂ ਅਨੁਸਾਰ ਇਹ ਵਿਦਿਆਰਥੀ ਇਕ ਅਧਿਆਪਕ ਲਈ ਤੇ ਉਸ 'ਤੇ ਹਮਲਾ ਕਰਨ ਲਈ ਹਥਿਆਰ ਲੈ ਕੇ ਆਏ ਸਨ। ਬੀਤੇ ਕੱਲ੍ਹ ਇਨ੍ਹਾਂ ਵਿਦਿਆਰਥੀਆਂ ਕੋਲੋਂ ਇਕ ਵੱਡੀ ਕ੍ਰਿਪਾਨ ਮਿਲੀ ਜਿਸ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਸਟਾਫ ਤੇ ਪਿ੍ਰੰਸੀਪਲ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਕਥਿਤ ਦੋਸ਼ੀਆਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਇਨ੍ਹਾਂ ਦਾ ਨਾਮ ਕੱਟ ਦਿੱਤਾ। ਤਿੰਨ ਵਿਦਿਆਰਥੀ ਰਾਮਪੁਰ ਸੈਣੀਆਂ ਤੇ ਇਕ ਵਿਦਿਆਰਥੀ ਝੰਜੋਵਾਲ ਪਿੰਡ ਨਾਲ ਸਬੰਧਤ ਹਨ।

-ਕੀ ਕਹਿਣਾ ਸਕੂਲ ਪਿ੍ਰੰਸੀਪਲ ਦਾ

ਇਸ ਸਬੰਧੀ ਸਕੂਲ ਦੀ ਪਿ੍ਰੰਸੀਪਲ ਗੁਰਮੀਤ ਕੌਰ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਨੂੰ ਪਹਿਲਾਂ ਵੀ ਇਨ੍ਹਾਂ ਬੱਚਿਆਂ ਕੋਲੋਂ ਹਥਿਆਰ ਮਿਲੇ ਸਨ ਉਸ ਸਮੇਂ ਦੌਰਾਨ ਉਹ ਮੈਡੀਕਲ ਛੁੱਟੀ 'ਤੇ ਸਨ। ਕੱਲ੍ਹ ਫਿਰ ਹਥਿਆਰ ਮਿਲਣ 'ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਉਨ੍ਹਾਂ ਦੀ ਸਹਿਮਤੀ ਨਾਲ ਨਾਮ ਕੱਟ ਦਿੱਤੇ ਗਏ ।