ਸੁਰਿੰਦਰ ਢਿੱਲੋਂ , ਟਾਂਡਾ ਉੜਮੁੜ : ਸੋਮਵਾਰ ਤੋਂ ਮੰਗਲਵਾਰ ਦੀ ਦਰਮਿਆਨੀ ਰਾਤ ਪਿੰਡ ਕੰਧਾਲਾ ਜੱਟਾਂ ਦੇ ਇਕ ਵਿਅਕਤੀ ਦਿਲਦਾਰ ਸਿੰਘ ਨੇ ਪਿੰਡ ਦੀ ਹੀ ਇਕ ਔਰਤ ਨਾਲ ਨਾਜਾਇਜ਼ ਸਬੰਧਾਂ ਦੇ ਚਲਦਿਆਂ ਤੜਕੇ ਢਾਈ ਵਜੇ ਪਹਿਰਾ ਦੇ ਰਹੇ ਪਿੰਡ ਦੇ ਹੀ ਨੌਜਵਾਨਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਪਿੰਡ ਦੇ ਮੌਜੂਦਾ ਪੰਚ ਸਮੇਤ ਪਿੰਡ ਦਾ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਸਰਕਾਰੀ ਹਸਪਤਾਲ ਟਾਂਡਾ ਵਿਖੇ ਦਾਖਲ ਕਰਵਾਇਆ। ਇੱਥੇ ਡਾਕਟਰਾਂ ਵਲੋਂ ਮੁਢਲੇ ਇਲਾਜ ਤੋਂ ਬਾਅਦ ਦੋਵਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਪੰਚ ਮਨਦੀਪ ਸਿੰਘ ਮੰਨਾ ਪੁੱਤਰ ਦਰਸ਼ਨ ਸਿੰਘ ਤੇ ਚੰਦਨਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਕੰਧਾਲਾ ਜੱਟਾਂ ਥਾਣਾ ਟਾਂਡਾ ਵਜੋਂ ਹੋਈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਸੁਰੱਖਿਆ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਰਪੰਚ ਜੋਗਿੰਦਰ ਸਿੰਘ ਦੀ ਅਗਵਾਈ 'ਚ ਸੋਮਵਾਰ ਰਾਤ ਪਿੰਡ ਕੰਧਾਲਾ ਜੱਟਾਂ 'ਚ ਨੌਜਵਾਨਾਂ ਵਲੋਂ ਪਿੰਡ ਦੀ ਧਰਮਸ਼ਾਲਾ ਕੋਲ ਠੀਕਰੀ ਪਹਿਰਾ ਲਾਇਆ ਗਿਆ ਸੀ। ਇਸੇ ਦੌਰਾਨ ਤੜਕੇ ਕਰੀਬ ਢਾਈ ਵਜੇ ਇਕ ਵਿਅਕਤੀ ਹਨੇਰੇ 'ਚ ਆਉਂਦਾ ਨਜ਼ਰ ਆਇਆ। ਆਵਾਜ਼ ਮਾਰ ਕੇ ਰੁਕਣ ਲਈ ਕਿਹਾ ਤਾਂ ਉਸ ਨੇ ਪਹਿਰਾ ਦੇ ਨੌਜਵਾਨਾਂ 'ਤੇ ਪਿਸਤੌਲ ਨਾਲ ਤਿੰਨ ਗੋਲ਼ੀਆਂ ਚਲਾ ਦਿੱਤੀਆਂ। ਇੱਕ ਗੋਲ਼ੀ ਪਹਿਰਾ ਦੇ ਰਹੇ ਨੌਜਵਾਨ ਚੰਦਨਦੀਪ ਸਿੰਘ ਦੇ ਮੋਢੇ 'ਚ ਲੱਗੀ ਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਗੋਲ਼ੀਆਂ ਚਲਾਉਣ ਵਾਲਾ ਮੌਕੇ ਤੋਂ ਦੌੜ ਗਿਆ। ਗੋਲ਼ੀ ਚਲਾਉਣ ਵਾਲੇ ਦੀ ਪਛਾਣ ਪਿੰਡ ਦੇ ਹੀ ਦਿਲਦਾਰ ਸਿੰਘ ਦਾਰਾ ਪੁੱਤਰ ਸਤਪਾਲ ਸਿੰਘ ਵਜੋਂ ਹੋਈ।


ਕੀ ਕਹਿਣਾ ਡੀਐੱਸਪੀ ਟਾਂਡਾ ਦਾ


ਜਦੋਂ ਇਸ ਸਬੰਧੀ ਡੀਐੱਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਪੀੜਤਾਂ ਦੇ ਬਿਆਨਾਂ ਤੋਂ ਬਾਅਦ ਜੋ ਸੱਚ ਸਾਹਮਣੇ ਆਵੇਗਾ, ਉਸ ਮੁਤਾਬਕ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

Posted By: Seema Anand