ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਥਾਣਾ ਟਾਂਡਾ ਪੁਲਿਸ ਨੇ ਫੋਕਲ ਪੁਆਇੰਟ ਟਾਂਡਾ ਨੇੜੇ ਨਾਕਾਬੰਦੀ ਦੌਰਾਨ ਬੈਟਰੀ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਡੇਢ ਦਰਜਨ ਚੋਰੀ ਦੀਆਂ ਬੈਟਰੀਆਂ ਸਮੇਤ ਗਿ੍ਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ ਜਦਕਿ ਉਨ੍ਹਾਂ ਦੇ ਦੋ ਸਾਥੀ ਮੌਕੇ 'ਤੇ ਦੌੜਨ 'ਚ ਸਫਲ ਹੋ ਗਏ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤਪਾ ਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੇ ਗੁਰਜੀਤ ਸਿੰਘ ਉਰਫ ਰਿੰਪੀ ਪੁੱਤਰ ਮਹਿੰਦਰ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਚਓ ਟਾਂਡਾ ਬਿਕਰਮ ਸਿੰਘ ਨੇ ਦੱਸਿਆ ਕਿ ਚੋਰਾਂ ਲੁਟੇਰਿਆਂ ਤੇ ਕਾਬੂ ਪਾਉਣ ਲਈ ਚਲਾਈ ਮੁਹਿੰਮ ਤਹਿਤ ਟਾਂਡਾ ਪੁਲਿਸ ਪਾਰਟੀ ਨੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਫੋਕਲ ਪੁਆਇੰਟ ਢਡਿਆਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਇਨੋਵਾ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਉਸ 'ਚੋਂ 15 ਚੋਰੀ ਦੇ ਬੈਟਰੇ ਤੇ 2 ਬੈਟਰੀਆਂ ਬਰਾਮਦ ਕੀਤੀਆਂ। ਇਨੋਵਾ ਕਾਰ 'ਚ ਸਵਾਰ ਸੰਦੀਪ ਸਿੰਘ ਵਾਸੀ ਤਪਾ ਖੇੜਾ ਤੇ ਗੁਰਜੀਤ ਸਿੰਘ ਵਾਸੀ ਜਲੰਧਰ ਨੂੰ ਮੌਕੇ 'ਤੇ ਚੋਰੀ ਦੀਆਂ ਬੈਟਰੀਆਂ ਸਮੇਤ ਗਿ੍ਫਤਾਰ ਕਰ ਲਿਆ, ਜਦਕਿ ਉਨ੍ਹਾਂ ਦੇ ਦੋ ਸਾਥੀ ਭੱਜਣ 'ਚ ਸਫਲ ਹੋ ਗਏ। ਟਾਂਡਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।