ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਵੀਰਵਾਰ ਦੁਪਹਿਰ ਵੇਲੇ ਇਕ ਸਕੂਟਰੀ ਸਵਾਰ ਮਾਂ-ਧੀ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਥਿਆਰ ਦੇ ਜ਼ੋਰ 'ਤੇ ਨਕਦੀ, ਏਟੀਐੱਮ ਤੇ ਜ਼ਰੂਰੀ ਕਾਗ਼ਜ਼ਾਤ ਸਮੇਤ ਪਰਸ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਗੋਬਿੰਦ ਨਗਰ ਟਾਂਡਾ ਨੇ ਦੱਸਿਆ ਕਿ ਉਹ ਆਪਣੀ ਲੜਕੀ ਨਾਲ ਸਕੂਟਰੀ 'ਤੇ ਪਿੰਡ ਮੂਨਕਾ ਨੇੜੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਕਾਰਨ ਮੱਥਾ ਟੇਕਣ ਲਈ ਜਾ ਰਹੀਆਂ ਸਨ ਤਾਂ ਅਚਾਨਕ ਰਸਤੇ 'ਚ ਉਨ੍ਹਾਂ ਨੂੰ ਦੋ ਮੋਟਰਸਾਈਕਲ ਲੁਟੇਰਿਆਂ ਨੇ ਘੇਰ ਲਿਆ ਤੇ ਹਥਿਆਰ ਦਿਖਾ ਨਕਦੀ ਦੇਣ ਲਈ ਕਿਹਾ ਹਥਿਆਰ ਦੇਖ ਉਹ ਦੋਨੋਂ ਮਾਵਾਂ-ਧੀਆਂ ਨੇ ਡਰਦਿਆਂ ਆਪਣਾ ਪਰਸ ਉਕਤ ਲੁਟੇਰਿਆਂ ਹਵਾਲੇ ਕਰ ਦਿੱਤਾ, ਜਿਸ 'ਚ ਉਸ ਵੇਲੇ ਕਰੀਬ ਛੇ ਹਜ਼ਾਰ ਦੀ ਨਕਦੀ, ਏਟੀਐੱਮ ਤੇ ਕੁੱਝ ਜ਼ਰੂਰੀ ਕਾਗ਼ਜ਼ਾਤ ਸਨ। ਉਕਤ ਲੁਟੇਰੇ ਉਨ੍ਹਾਂ ਕੋਲੋਂ ਪਰਸ ਲੈ ਕੇ ਫ਼ਰਾਰ ਹੋ ਗਏ ਇਸ ਲੁੱਟ ਖੋਹ ਸਬੰਧੀ ਹਰਜਿੰਦਰ ਕੌਰ ਨੇ ਟਾਂਡਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਟਾਂਡਾ ਪੁਲਿਸ ਨੇ ਲੁੱਟ-ਖੋਹ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਕਤ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਆਏ ਦਿਨ ਹੋ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਏ ਦਿਨ ਵਾਪਰਨ ਵਾਲੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਨਿਜਾਤ ਮਿਲ ਸਕੇ

ਜ਼ਿਕਰਯੋਗ ਹੈ ਕਿ ਟਾਂਡਾ ਇਲਾਕੇ 'ਚ ਚੋਰ/ਲੁਟੇਰਿਆਂ ਦੇ ਹੌਂਸਲੇ ਇਨੇ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਇਲਾਕੇ 'ਚ ਦਿਨ ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਨਿਧੜਕ ਹੋ ਕੇ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ, ਜਦਕਿ ਪੁਲਿਸ ਪ੍ਰਸ਼ਾਸਨ ਹੱਥ ਮਲਦਾ ਹੀ ਰਹਿ ਜਾਂਦਾ ਹੈ

ਜਦੋਂ ਇਸ ਸਬੰਧੀ ਐੱਸਐੱਚਓ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਕਿਹਾ ਕਿ ਉਕਤ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਦੂਜੇ ਸ਼ਹਿਰਾਂ 'ਚੋਂ ਆਉਂਦੇ ਹਨ। ਟਾਂਡਾ ਪੁਲਿਸ ਬਹੁਤ ਮੁਸ਼ਤੈਦੀ ਨਾਲ ਉਕਤ ਲੁੱਟ ਖੋਹ ਕਰਨ ਵਾਲਿਆਂ ਦੀ ਭਾਲ ਕਰ ਰਹੀ ਹੈ ਤੇ ਬਹੁਤ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।