ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਕਸਬਾ ਭੰਗਾਲਾ ਦੇ ਨੇੜਲੇ ਪਿੰਡ ਅਕਾਮ ਵਿਖੇ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਚੋਰਾਂ ਵੱਲੋਂ ਇਕ ਘਰ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵਿਨੋਦ ਕੁਮਾਰ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਪਰਿਵਾਰ ਸਮੇਤ ਦੂਸਰੇ ਕਮਰੇ 'ਚ ਸੁੱਤੇ ਸਨ ਤਾਂ ਚੋਰਾਂ ਨੇ ਘਰ 'ਚ ਦਾਖ਼ਲ ਹੋ ਕੇ ਸਟੋਰ 'ਚ ਰੱਖੇ ਹੋਏ 15 ਤੋਲੇ ਸੋਨੇ ਦੇ ਗਹਿਣੇ ਤੇ 1 ਲੱਖ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਚੋਰ ਖਿੜਕੀ ਦੀ ਗਰਿੱਲ ਪੁੱਟ ਕੇ ਕਮਰੇ ਅੰਦਰ ਆਏ ਅਤੇ ਉੱਥੋਂ ਸਟੋਰ 'ਚ ਦਾਖ਼ਲ ਹੋਏ। ਉਨ੍ਹਾਂ ਦੱਸਿਆ ਕਿ ਚੋਰੀ ਹੋਣ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਖੇਤੀਬਾੜੀ ਦੇ ਸੰਦਾਂ ਲਈ ਬੜੀ ਮਿਹਨਤ ਨਾਲ ਨਕਦੀ ਇਕੱਠੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਪੁਲਿਸ ਚੌਂਕੀ ਭੰਗਾਲਾ ਵਿਖੇ ਸੂਚਨਾ ਦਿੱਤੀ ਜਾ ਚੁੱਕੀ ਹੈ।