ਪੱਤਰ ਪੇ੍ਰਕ, ਗੜ੍ਹਸ਼ੰਕਰ : ਗੜ੍ਹਸੰਕਰ ਪੁਲਿਸ ਵੱਲੋਂ ਇਕ ਅੌਰਤ ਦੀ ਸ਼ਿਕਾਇਤ 'ਤੇ ਮਾਂ-ਬਾਪ ਤੇ ਧੀ ਖ਼ਿਲਾਫ਼ 28 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਬਖਸ਼ ਕੌਰ ਪਤਨੀ ਚੂਹੜ ਸਿੰਘ ਵਾਸੀ ਪਿੰਡ ਚਾਹਲਪੁਰ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਦੇ ਲੜਕੇ ਸੁਖਨੀਤ ਸਿੰਘ ਦਾ ਵਿਆਹ ਰਾਜਵੀਰ ਕੌਰ ਪੁੱਤਰੀ ਹੁਕਮ ਸਿੰਘ ਵਾਸੀ ਪਿੰਡ ਮਾਜਰਾ ਜੱਟਾਂ ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਹੋਇਆ ਹੈ। ਰਾਜਵੀਰ ਕੌਰ ਪੜ੍ਹਾਈ ਕਰਨ ਲਈ ਵਿਦੇਸ਼ ਚਲੀ ਗਈ, ਜਿਸ 'ਤੇ 27 ਲੱਖ 82 ਹਜ਼ਾਰ 493 ਰੁਪਏ ਖਰਚ ਆਇਆ ਤੇ ਸਾਰਾ ਖਰਚਾ ਉਨ੍ਹਾਂ ਵੱਲੋਂ ਕੀਤਾ ਗਿਆ ਸੀ। ਰਾਜਵੀਰ ਕੌਰ ਕੈਨੇਡਾ ਜਾ ਕੇ ਉਨ੍ਹਾਂ ਦੇ ਲੜਕੇ ਨੂੰ ਬੁਲਾਉਣ ਤੋਂ ਮੁਨਕਰ ਹੋ ਗਈ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਇਸ ਸਬੰਧੀ ਉਨ੍ਹਾਂ ਨੇ ਐੱਸਐੱਸਪੀ ਦਫ਼ਤਰ 26 ਜੂਨ 2019 ਨੂੰ ਦਰਜ ਕਰਵਾਈ ਗਈ, ਜਿਸ 'ਤੇ ਪੁਲਿਸ ਵੱਲੋਂ ਇਨਕੁਆਰੀ ਤੋਂ ਬਾਅਦ ਰਾਜਵੀਰ ਕੌਰ, ਹੁਕਮ ਸਿੰਘ ਅਤੇ ਮੋਹਣ ਕੌਰ ਪਿੰਡ ਮਾਜਰਾ ਜੱਟਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਧਾਰਾ 420 ਤੇ 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ