ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਮੰਗਲਵਾਰ ਨੂੰ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਸਥਿਤ ਪਿੰਡ ਖਾਨਪੁਰ ਨੇੜੇ ਹਿਮਾਚਲ ਪੁਲਿਸ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਪੇਸ਼ੀ 'ਤੇ ਲੈ ਜਾਂਦੇ ਸਮੇਂ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਸਫ਼ਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਦੇ ਚੰਬਾ ਸ਼ਹਿਰ ਦੇ ਥਾਣਾ ਸਦਰ ਤੋਂ ਇਕ ਹਵਾਲਾਤੀ ਨੂੰ ਹਿਮਾਚਲ ਪੁਲਿਸ ਦੇ ਮੁਲਾਜ਼ਮ ਫਗਵਾੜਾ ਵੱਲ ਤਫ਼ਤੀਸ਼ ਸਬੰਧੀ ਲੈ ਕੇ ਜਾ ਰਹੇ ਸਨ। ਜਿਵੇਂ ਹੀ ਉਹ ਮੁਕੇਰੀਆਂ ਦੇ ਪਿੰਡ ਖਾਨਪੁਰ ਨੇੜੇ ਪੁੱਜੇ ਤਾਂ ਕੈਦੀ ਨੇ ਉਲਟੀ ਆਉਣ ਦਾ ਕਹਿ ਕੇ ਪੁਲਿਸ ਮੁਲਾਜ਼ਮਾਂ ਨੂੰ ਰੁਕਣ ਦਾ ਕਿਹਾ। ਜਦੋਂ ਪੁਲਿਸ ਮੁਲਾਜ਼ਮਾਂ ਨੇ ਗੱਡੀ ਰੋਕ ਕੇ ਹਵਾਲਾਤੀ ਨੂੰ ਹੇਠਾਂ ਉਤਾਰਿਆ ਤਾਂ ਉਹ ਪੁਲਿਸ ਦੀ ਗਿ੍ਰਫ਼ਤ 'ਚੋਂ ਭੱਜ ਨਿਕਲਿਆ ਤੇ ਨੇੜਲੇ ਕਮਾਦਾਂ 'ਚ ਜਾ ਵੜਿਆ। ਕੈਦੀ ਨੂੰ ਭੱਜਦਾ ਦੇਖ ਪੁਲਿਸ ਮੁਲਾਜ਼ਮ ਉਸ ਦੇ ਪਿੱਛੇ ਭੱਜੇ ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਸਫ਼ਲ ਹੋ ਗਿਆ। ਹਿਮਾਚਲ ਪੁਲਿਸ ਦੇ ਮੁਲਾਜ਼ਮਾਂ ਨੇ ਫਰਾਰ ਹਵਾਲਾਤੀ ਦੀ ਸਰਗਰਮੀ ਨਾਲ ਭਾਲ ਸ਼ੁਰੂ ਕੀਤੀ ਪਰ ਕੈਦੀ ਦਾ ਕੋਈ ਥਹੁ-ਪਤਾ ਨਾ ਲੱਗ ਸਕਿਆ। ਸੂਤਰਾਂ ਅਨੁਸਾਰ ਹਵਾਲਾਤੀ ਨੂੰ ਲੱਭਣ 'ਚ ਅਸਫ਼ਲ ਰਹਿਣ 'ਤੇ ਹਿਮਾਚਲ ਪੁਲਿਸ ਮੁਲਾਜ਼ਮਾਂ ਨੇ ਮੁਕੇਰੀਆਂ ਪੁਲਿਸ ਨੂੰ ਮਦਦ ਲਈ ਸੰਪਰਕ ਕੀਤਾ ਪਰ ਰਾਤ ਤਕ ਭਾਰੀ ਮੁਸ਼ੱਕਤ ਕਰਨ ਦੇ ਬਾਵਜੂਦ ਪੁਲਿਸ ਨੂੰ ਉਸ ਦਾ ਕੋਈ ਸੁਰਾਗ ਹੱਥ ਨਾ ਲੱਗਾ। ਥਾਣਾ ਸਦਰ ਚੰਬਾ (ਹਿਮਾਚਲ ਪ੍ਰਦੇਸ਼) ਦੇ ਸਬ ਇੰਸਪੈਕਟਰ ਗੋਬਿੰਦ ਪਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਹਵਾਲਾਤੀ ਕਾਲੂ ਉਰਫ਼ ਰੁਸਤਮ ਪੁੱਤਰ ਯੂਸਫ਼ ਵਾਸੀ ਕਹਿਨਾਲਾ ਚੰਬਾ (ਹਿਮਾਚਲ ਪ੍ਰਦੇਸ਼) ਨੂੰ ਪੀਓਐੱਸਸੀਓ ਐਕਟ (ਬੱਚੀਆਂ ਦੇ ਪ੍ਰਤੀ ਯੌਨ ਉਤਪੀੜ੍ਹਣ ਤੇ ਯੌਨ ਸ਼ੋਸ਼ਣ ਤੇ ਪੌਰਨੋਗਰਾਫੀ ਐਕਟ) ਅਧੀਨ ਵਧੇਰੇ ਤਫ਼ਤੀਸ਼ ਦੇ ਸਬੰਧ 'ਚ ਚੰਬਾ ਤੋਂ ਫਗਵਾੜਾ ਲੈ ਕੇ ਜਾ ਰਹੀ ਸੀ, ਪਰ ਜਿਵੇਂ ਹੀ ਪੁਲਿਸ ਪਾਰਟੀ ਮੁਕੇਰੀਆਂ ਦੇ ਪਿੰਡ ਖਾਨਪੁਰ ਨੇੜੇ ਪੁੱਜੀ ਤਾਂ ਉਕਤ ਹਵਾਲਾਤੀ ਨੇ ਉਲਟੀ ਆਉਣ ਦਾ ਬਹਾਨਾ ਲਗਾ ਕੇ ਗੱਡੀ ਰੁਕਵਾ ਲਈ ਪਰ ਜਦੋਂ ਪੁਲਿਸ ਪਾਰਟੀ ਨੇ ਉਸ ਨੂੰ ਉਲਟੀ ਕਰਵਾਉਣ ਲਈ ਗੱਡੀ ਤੋਂ ਹੇਠਾਂ ਉਤਾਰਿਆ ਤਾਂ ਹਵਾਲਾਤੀ ਹੱਥਕੜੀ 'ਚੋਂ ਗੁੱਟ ਕੱਢ ਕੇ ਕਮਾਦ ਦੇ ਖੇਤਾਂ ਵੱਲ ਭੱਜ ਗਿਆ ਤੇ ਕਾਫੀ ਤਲਾਸ਼ ਕਰਨ 'ਤੇ ਵੀ ਨਹੀਂ ਮਿਲਿਆ। ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਚੰਬਾ (ਹਿਮਾਚਲ ਪ੍ਰਦੇਸ਼) ਦੇ ਸਬ ਇੰਸਪੈਕਟਰ ਗੋਬਿੰਦ ਪਾਲ ਦੇ ਬਿਆਨਾਂ ਦੇ ਆਧਾਰ 'ਤੇ ਮੁਕੇਰੀਆਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।