ਸੁਰਿੰਦਰ ਢਿੱਲੋਂ , ਟਾਂਡਾ ਉੜਮੁੜ : ਚਾਇਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ 'ਚ ਲੋਕਾਂ ਨੂੰ ਆਪਣੇ ਲਪੇਟ ਲੈ ਲਿਆ, ਜਿਸ ਕਾਰਨ ਹੁਣ ਤਕ ਲੱਖਾਂ ਲੋਕ ਇਸ ਜਾਨਲੇਵਾ ਬਿਮਾਰੀ ਦੀ ਲਪੇਟ 'ਚ ਆ ਚੁੱਕੇ ਹਨ ਤੇ ਹੁਣ ਤਕ ਹਜਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਮੁਰਾਦ ਜਾਨਲੇਵਾ ਬਿਮਾਰੀ ਕਾਰਨ ਅਮਰੀਕਾ 'ਚ ਹੁਣ ਤਕ ਹਜਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿੰਨ੍ਹਾਂ 'ਚੋ ਦੋ ਹਲਕਾ ਉੜਮੁੜ ਟਾਂਡਾ ਦੇ ਬੇਟ ਖੇਤਰ ਨਾਲ ਸਬੰਧਤ ਪਿੰਡ ਗਿਲਜੀਆਂ ਦੇ ਵਸਨੀਕ ਜੋ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ 'ਚ ਰਹਿੰਦੇ ਸਨ। ਜਿਨ੍ਹਾਂ ਦੀ ਵੀਰਵਾਰ ਦੀ ਦੇਰ ਰਾਤ ਕੋਰੋਨਾ ਵਾਇਰਸ ਕਾਰਨ ਨਿਊਯਾਰਕ ਅਮਰੀਕਾ ਦੇ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨਜੀਤ ਸਿੰਘ ਖਾਲਸਾ ਪੁੱਤਰ ਸੂਰਤ ਸਿੰਘ ਤੇ ਬਲਕਾਰ ਸਿੰਘ ਪੁੱਤਰ, ਕਰਮ ਸਿੰਘ ਦੋਨੋਂ ਵਾਸੀ ਗਿਲਜੀਆਂ ਹਾਲ ਵਾਸੀ ਨਿਊਯਾਰਕ ਅਮਰੀਕਾ ਵਜੋਂ ਹੋਈ। ਦੋਨੋਂ ਪ੍ਰਵਾਸੀ ਭਾਰਤੀਆਂ ਦੀ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੋਈ ਬੇਵਕਤੀ ਮੌਤ ਕਾਰਨ ਟਾਂਡਾ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਤੇ ਇਲਾਕੇ 'ਚ ਗਮਗੀਨ ਮਾਹੌਲ ਬਣ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਬਲਕਾਰ ਸਿੰਘ ਦੇ ਭਰਾ ਕੈਪਟਨ ਗੁਰਬਚਨ ਸਿੰਘ ਵਾਸੀ ਗਿਲਜੀਆਂ ਨੇ ਦੱਸਿਆ ਕਿ ਬਲਕਾਰ ਸਿੰਘ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਪਰ ਚਾਇਨਾ ਤੋਂ ਫੈਲੀ ਕੋਰੋਨਾ ਵਾਇਰਸ ਬਿਮਾਰੀ ਨਾਲ ਪੀੜਤ ਹੋ ਗਿਆ ਤੇ ਇਲਾਜ ਦੌਰਾਨ ਨਿਊਯਾਰਕ ਦੇ ਹਸਪਤਾਲ 'ਚ ਮੌਤ ਹੋ ਗਈ। ਜਦਕਿ ਮ੍ਰਿਤਕ ਮਨਜੀਤ ਸਿੰਘ ਖਾਲਸਾ ਦੀ ਮੌਤ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਉੜਮੁੜ ਦੇ ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ ਵਾਸਹ ਗਿਲਜੀਆਂ ਨੇ ਦੱਸਿਆ ਕਿ ਮਨਜੀਤ ਸਿੰਘ ਖਾਲਸਾ ਪਿੰਡ ਗਿਲਜੀਆਂ ਦਾ ਜੰਮਪਲ ਹੈ ਤੇ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ 'ਚ ਰਹਿ ਰਿਹਾ ਸੀ। ਮਨਜੀਤ ਸਿੰਘ ਦਾ ਵਿਆਹ ਵੀ ਅਮਰੀਕਾ 'ਚ ਹੋਈ ਸੀ ਤੇ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਮਨਜੀਤ ਸਿੰਘ ਖਾਲਸਾ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਤੇ ਹਸਪਤਾਲ 'ਚ ਦਾਖਲ ਸੀ ਕਿ ਹਸਪਤਾਲ 'ਚੋ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਿਆ, ਜਿਸ ਕਾਰਨ ਵੀਰਵਾਰ ਦੇਰ ਰਾਤ ਮਨਜੀਤ ਸਿੰਘ ਖਾਲਸਾ ਦੀ ਮੌਤ ਹੋ ਗਈ।

Posted By: Amita Verma