ਗੌਰਵ, ਹਰਦਿੰਦਰ ਦੀਪਕ, ਗੜ੍ਹਦੀਵਾਲਾ : ਗੜ੍ਹਦੀਵਾਲਾ ਅਤੇ ਹਰਿਆਣਾ ਦੇ ਇਲਾਕੇ 'ਚ ਪਿਛਲੇ ਦਿਨ ਆਏ 15 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਦੇਖਰੇਖ ਵਿਚ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਭੇਜਿਆ ਗਿਆ ਹੈ। ਇਨ੍ਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਆਉਣ ਨਾਲ ਇਲਾਕੇ ਦੇ ਨਿਵਾਸੀਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਦਿੰਦੇ ਹੋਏ ਐੱਸਐੱਮਓ ਪੀਐਚਸੀ ਭੂੰਗਾ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਦੇ ਪਿੰਡ ਜਮਸ਼ੇਰ ਚਠਿਆਲ, ਰਾਜਾ ਕਲਾਂ, ਬਰਾਲਾ, ਪੰਡੋਰੀ ਸੁਮਲਾਂ ਤੇ ਹਰਿਆਣਾ, ਢੋਲਵਾਹਾ, ਬਹਿਰਾਮ, ਕੂਟਾਂ, ਸਰਾਈਂ ਦੇ 15 ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਸਾਰਿਆਂ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰਾਜਾ ਕਲਾਂ ਦੇ ਕੋਰੋਨਾ ਪਾਜ਼ੇਟਿਵ ਆਈ ਅੌਰਤ ਦੇ ਸੰਪਰਕ 'ਚ ਉਸਦੇ ਤਿੰਨ ਪਰਿਵਾਰਕ ਮੈਂਬਰਾਂ ਅਤੇ ਆਂਗਨਵਾੜੀ ਵਰਕਰ ਕੁਲ ਚਾਰ ਲੋਕਾਂ ਦੇ ਸੈਂਪਲ ਲਏ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਇਸ ਮੌਕੇ ਸਿਹਤ ਕਰਮਚਾਰੀ ਸਰਤਾਜ ਸਿੰਘ, ਜਗਦੀਪ ਸਿੰਘ, ਮਨਜਿੰਦਰ ਸਿੰਘ, ਰੁਪਿੰਦਰ ਸਿੰਘ, ਅਰਪਿੰਦਰ ਸਿੰਘ, ਸਰਬਜੀਤ ਕੌਰ, ਏ ਐਨ ਐਮ ਪ੍ਰਵੀਨ ਕੌਰ, ਹਰਪ੍ਰਰੀਤ ਕੌਰ ਆਦਿ ਹਾਜ਼ਰ ਸਨ।