ਸੁਖਵਿੰਦਰ ਸਰਮਾਲ, ਹਰਮਨਜੀਤ ਸਿੰਘ ਸੈਣੀ, ਹੁਸ਼ਿਆਰਪੁਰ, ਮੁਕੇਰੀਆਂ : ਜ਼ਿਲ੍ਹੇ 'ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੇਟਿਵ ਕੇਸਾਂ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੁੱਧਵਾਰ ਆਈ ਰਿਪੋਰਟ 'ਚ ਜ਼ਿਲ੍ਹੇ ਦੇ ਇਕ ਸਾਲ ਦੇ ਬੱਚੇ ਸਮੇਤ 6 ਜਾਣੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 188 ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ 428 ਸੈਂਪਲਾਂ ਦੀ ਰਿਪੋਰਟ ਪ੍ਰਰਾਪਤ ਹੋਣ 'ਤੇ 6 ਮਾਮਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਕੇਸ ਸਬ ਡਿਵੀਜਨ ਮੁਕੇਰੀਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 283 ਸੈਂਪਲ ਲਏ ਗਏ ਹਨ ਤੇ ਹੁਣ ਤਕ ਕੁਲ ਲਏ ਗਏ ਸੈਂਪਲਾਂ ਦੀ ਗਿਣਤੀ 13,361 ਹੋ ਗਈ ਹੈ ਜਿਸ ਵਿਚ 12,520 ਨੈਗੇਟਿਵ ਤੇ 638 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੈ

-ਮੁਕੇਰੀਆਂ ਖੇਤਰ ਦੇ ਛੇ ਜਣੇ ਕੋਰੋਨਾ ਪਾਜ਼ੇਟਿਵ ਨਿਕਲੇ

ਮੁਕੇਰੀਆਂ ਅਤੇ ਆਸ-ਪਾਸ ਦੇ ਖੇਤਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਤੇਜ਼ ਹੋ ਰਿਹਾ ਹੈ ਤੇ ਪਿਛਲੇ ਦਿਨੀਂ ਹਾਜੀਪੁਰ ਤੇ ਟਾਂਡਾ ਰਾਮ ਸਹਾਏ ਤੋਂ ਇਕ-ਇਕ ਕੇਸ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਮੁਕੇਰੀਆਂ ਖੇਤਰ ਦੇ ਛੇ ਜਣੇ ਹੋਰ ਕੋਰੋਨਾ ਪਾਜ਼ੇਟਿਵ ਨਿਕਲੇ ਹਨ।

ਜਾਣਕਾਰੀ ਦਿੰਦੇ ਹੋਏ ਸਿਹਤ ਕਰਮਚਾਰੀ ਰਾਜਦੀਪ ਸਿੰਘ ਨੌਸ਼ਹਿਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਪ੍ਰਰਾਪਤ ਰਿਪੋਰਟਾਂ 'ਚ ਪਿੰਡ ਰੰਗਾ (ਭੰਗਾਲਾ) ਵਾਸੀ ਮਹਿੰਦਰਪਾਲ (65) ਪੁੱਤਰ ਰਾਮ ਲੋਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਪਿੰਡ ਟਾਂਡਾ ਰਾਮ ਸਹਾਏ ਵਾਸੀ ਦਲਬੀਰ ਸਿੰਘ (59) ਪੁੱਤਰ ਪ੍ਰਰੀਤਮ ਸਿੰਘ, ਕੁਲਵੰਤ ਕੌਰ (52) ਪਤਨੀ ਦਲਬੀਰ ਸਿੰਘ, ਪ੍ਰਰੀਤਮ ਸਿੰਘ (92) ਪੁੱਤਰ ਮਨੀ ਸਿੰਘ ਤੇ ਜਸਪ੍ਰਰੀਤ ਸਿੰਘ (1 ਸਾਲ) ਪੁੱਤਰ ਯਾਦਵਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਵਾਸੀ ਚੱਕ ਸਰਵਾਨੀ ਨੇ ਜਲੰਧਰ ਵਿਖੇ ਸੈਂਪਲਿੰਗ ਕਰਵਾਈ ਸੀ ਜਿੱਥੋਂ ਉਸਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪ੍ਰਰਾਪਤ ਹੋਈ ਹੈ।

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ 'ਚੋਂ ਮਹਿੰਦਰਪਾਲ ਪਹਿਲਾਂ ਤੋਂ ਜ਼ੇਰੇ ਇਲਾਜ਼ ਹੈ ਜਦਕਿ ਬਾਕੀ ਲੋਕਾਂ ਨੂੰ ਵੀਰਵਾਰ ਆਈਸੋਲੇਸ਼ਨ ਵਾਰਡ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਅਤੇ ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਕੋਰੋਨਾ ਟੈਸਟ ਲਈ ਸੈਂਪਲਿੰਗ ਵੀ ਵੀਰਵਾਰ ਨੂੰ ਕੀਤੀ ਜਾਵੇਗੀ।