ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ 'ਸੇਫ ਸਕੂਲ ਵਾਹਨ ਸਕੀਮ' ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਜਿੱਥੇ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ, ਉਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾ ਸਕੇ। ਉਹ ਮੰਗਲਵਾਰ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਕਰ ਰਹੇ ਸਨ। ਮੀਟਿੰਗ ਦੌਰਾਨ ਜ਼ਿਲੇ੍ਹ ਵਿਚ ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਠੋਸ ਹੱਲ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਹਰਪ੍ਰਰੀਤ ਸਿੰਘ ਸੂਦਨ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਅਤੇ ਇਸ ਸਪਤਾਹ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਟ੍ਰੈਫਿਕ ਪੁਲਿਸ ਅਤੇ ਰਿਜ਼ਨਲ ਟਰਾਂਸਪੋਰਟ ਅਥਾਰਿਟੀ ਵਲੋਂ ਸਾਂਝੇ ਤੌਰ 'ਤੇ 'ਸੇਫ ਸਕੂਲ ਵਾਹਨ ਸਕੀਮ' ਅਧੀਨ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਸਪਤਾਹ ਹਰ ਮਹੀਨੇ ਮਨਾਇਆ ਜਾਵੇ, ਤਾਂ ਜੋ ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਲਾਗੂ ਕੀਤੀ ਜਾ ਸਕੇ। ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ-ਕਾਲਜਾਂ ਦੀ ਛੁੱਟੀ ਦੌਰਾਨ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਜਾਵੇ ਤੇ ਉਲੰਘਣਾ ਸਾਹਮਣੇ ਆਉਣ 'ਤੇ ਚਲਾਨ ਕੱਟੇ ਜਾਣ। ਉਨ੍ਹਾਂ ਜਿੱਥੇ ਸਕੂਲਾਂ-ਕਾਲਜਾਂ ਦੇ ਪਿ੍ਰੰਸੀਪਲਾਂ ਨੂੰ ਨਿਰਦੇਸ਼ ਦਿੱਤੇ ਕਿ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਜਾਵੇ, ਉਥੇ ਮਾਪਿਆਂ ਨੂੰ ਅਪੀਲ ਕੀਤੀ ਕਿ ਹੈਲਮਟ ਸਮੇਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਉਪਰੰਤ ਹੀ ਆਪਣੇ ਬੱਚੇ ਨੂੰ ਘਰੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ। ਈਸ਼ਾ ਕਾਲੀਆ ਨੇ ਕਿਹਾ ਕਿ ਹਾਦਸਿਆਂ ਦਾ ਕਾਰਨ ਬਣਦੇ ਅਵਾਰਾ ਪਸ਼ੂਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਵਲੋਂ ਇਕ ਠੋਸ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਤੋਂ ਸੁਝਾਅ ਵੀ ਲਏ ਗਏ ਅਤੇ ਨਗਰ ਨਿਗਮ ਵਲੋਂ ਆਉਣ ਵਾਲੇ ਦਿਨਾਂ ਵਿਚ ਕੀਤੇ ਜਾ ਰਹੇ ਯਤਨਾਂ ਬਾਰੇ ਅਹਿਮ ਵਿਚਾਰਾਂ ਵੀ ਹੋਈਆਂ। ਡਿਪਟੀ ਕਮਿਸ਼ਨਰ ਨੇ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਪੈਂਫਲੈਟ ਆਦਿ ਵੀ ਛਪਵਾਏ ਜਾਣ। ਇਸ ਤੋਂ ਇਲਾਵਾ ਓਵਰ ਲੋਡਿਡ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ 'ਤੇ ਟ੍ਰੈਫਿਕ ਨਿਯਮਾਂ ਮੁਤਾਬਕ ਚਲਾਨ ਸਮੇਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਸੜਕ ਹਾਦਸੇ ਵਾਪਰਦੇ ਹਨ, ਇਸ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਐੱਸਡੀਐੱਮ ਮੁਕੇਰੀਆਂ ਅਦਿੱਤਿਆ ਉਪਲ, ਐੱਸਡੀਐੱਮ ਗੜ੍ਹਸ਼ੰਕਰ ਹਰਬੰਸ ਸਿੰਘ, ਐੱਸਡੀਐੱਮ ਦਸੂਹਾ ਜੋਤੀ ਬਾਲਾ, ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਕਰਨ ਸਿੰਘ, ਅਸ਼ਵਨੀ ਕਪੂਰ, ਹੇਮਾ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐੱਨਜੀਓਜ਼ ਦੇ ਨੁਮਾਇੰਦੇ ਹਾਜ਼ਰ ਸਨ।

'ਸੇਫ ਸਕੂਲ ਵਾਹਨ ਸਕੀਮ' ਤਹਿਤ ਦੋ ਦਿਨਾਂ 'ਚ 59 ਬੱਸਾਂ ਦੀ ਕੀਤੀ ਚੈਕਿੰਗ, 21 ਦੇ ਕੱਟੇ ਚਲਾਨ : ਡੀਸੀ

ਈਸ਼ਾ ਨੇ ਦੱਸਿਆ ਕਿ 'ਸੇਫ ਸਕੂਲ ਵਾਹਨ ਸਕੀਮ' ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰਰੀਤ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਟਾਸਕ ਫੋਰਸ ਵਲੋਂ ਦੋ ਦਿਨਾਂ 'ਚ 59 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਖਾਮੀਆਂ ਸਾਹਮਣੇ ਅਉਣ 'ਤੇ 21 ਬੱਸਾਂ ਦੇ ਚਲਾਨ ਵੀ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ 16 ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 7 ਚਲਾਨ ਕੀਤੇ ਗਏ, ਜਦਕਿ ਮੰਗਲਵਾਰ ਦਸੂਹਾ ਵਿਖੇ 43 ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ 14 ਦੇ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਜਿਹੜੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ, ਉਨ੍ਹਾਂ ਵਿਚ ਆਰਐੱਨਏ ਗੁਰੂਕੁਲ ਸਕੂਲ, ਅਸਲਾਮਾਬਾਦ, ਟਾਈਨੀ ਟੌਟਸ ਪਬਲਿਕ ਸਕੂਲ, ਬਸੰਤ ਵਿਹਾਰ, ਐੱਸਡੀ ਸਿਟੀ ਪਬਲਿਕ ਸਕੂਲ ਆਦਮਵਾਲ, ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਦਸੂਹਾ ਸ਼ਾਮਲ ਹਨ ।