ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਲਈ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਕਾਂਗਰਸ ਸਰਕਾਰ ਬਰਾਬਰ ਜਿੰਮੇਵਾਰ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਰਵਜੋਤ ਵੱਲੋਂ ਇੱਥੇ ਹੁਸ਼ਿਆਰਪੁਰ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜਲ ਦੀ ਵਿਕਰੀ ਉੱਤੇ ਸੂਬਾ ਅਤੇ ਕੇਂਦਰ ਸਰਕਾਰ ਮੋਟਾ ਟੈਕਸ ਲਗਾ ਕੇ ਜਿੱਥੇ ਸਰਕਾਰੀ ਖਜਾਨਾ ਭਰ ਰਹੀਆਂ ਹਨ ਉੱਥੇ ਹੀ ਆਮ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਹੁੰਦੀਆਂ ਹਨ ਲੇਕਿਨ ਸਾਡੇ ਦੇਸ਼ ਵਿੱਚ ਸਭ ਕੁੱਝ ਉਲਟ ਚੱਲ ਰਿਹਾ ਹੈ ਕਿਉਂਕਿ ਇੱਥੇ ਲੋਕਾਂ ਵੱਲੋਂ ਚੁਣੀਆਂ ਗਈਆਂ ਸਰਕਾਰਾਂ ਦੇਸ਼ ਦੇ ਕੁੱਝ ਵੱਡੇ ਪਰਿਵਾਰਾਂ ਦਾ ਹੀ ਵਿਕਾਸ ਕਰਨ ਵਿੱਚ ਲੱਗੀਆਂ ਹੋਈਆਂ ਹਨ ਅਤੇ ਆਮ ਵਿਅਕਤੀ ਇਨਾਂ ਸਰਕਾਰਾਂ ਨੂੰ ਕੀਤੇ ਵੀ ਦਿਖਾਈ ਨਹੀਂ ਦੇ ਰਿਹਾ। ਡਾ. ਰਵਜੋਤ ਨੇ ਕਿਹਾ ਕਿ ਤੇਲ ਉੱਤੇ ਪ੍ਰਤੀ ਲੀਟਰ ਦੋਵੇਂ ਸਰਕਾਰਾਂ 40 ਤੋਂ ਲੈ ਕੇ 50 ਰੁਪਏ ਤੱਕ ਟੈਕਸ ਹੀ ਵਸੂਲ ਰਹੀਆਂ ਹਨ ਅਤੇ ਜੇਕਰ ਸਰਕਾਰਾਂ ਲੋਕਾਂ ਨੂੰ ਰਾਹਤ ਦੇਣਾ ਚਾਹੁਣ ਤਾਂ ਆਪਣਾ ਟੈਕਸ ਘਟਾ ਸਕਦੀਆਂ ਹਨ ਲੇਕਿਨ ਇਸ ਤਰਾਂ ਹੋ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵੱਧਣ ਦੇ ਨਾਲ ਮਹਿੰਗਾਈ ਵੀ ਰੋਜ਼ਾਨਾ ਹੀ ਵੱਧ ਰਹੀ ਹੈ ਜਿਸ ਕਾਰ੍ਰਮ ਆਮ ਵਿਅਕਤੀ ਦਾ ਜੀਵਨ ਮੁਹਾਲ ਹੋ ਚੁੱਕਾ ਹੈ। ਡਾ. ਰਵਜੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਜਿਸ ਤਰ੍ਹਾਂ ਦਿੱਲੀ ਵਿੱਚ ਆਪ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਉਵੇਂ ਹੀ ਆਉਣ ਵਾਲੇ ਸਮੇਂ ਵਿੱਚ ਆਪ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਜਿੱਥੇ ਵਿਕਾਸ ਦੀ ਲਹਿਰ ਚਲਾਈ ਜਾਵੇਗੀ ਉੱਥੇ ਹਰ ਇਕ ਸਹੂਲਤ ਆਮ ਆਦਮੀ ਦੇ ਦਾਇਰੇ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਗੁਰਵਿੰਦਰ ਸਿੰਘ ਪਾਬਲਾ, ਰਾਵੀ ਸ਼ਰਮਾ, ਲਵਦੀਪ ਗਿੱਲ, ਮੁਕੇਸ਼ ਡਡਵਾਲ, ਰਾਜੀਵ ਡੋਗਰਾ ਅਤੇ ਸੁਖਦੇਵ ਸ਼ਰਮਾ ਵੀ ਹਾਜਰ ਸਨ।