ਸੁਖਵਿੰਦਰ ਸਰਮਾਲ/ਸੁਰਿੰਦਰ ਢਿੱਲੋਂ, ਹੁਸ਼ਿਆਰਪੁਰ/ਟਾਂਡਾ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਥੇ ਪਿੰਡ ਜਲਾਲਪੁਰ 'ਚ 6 ਸਾਲਾ ਬੱਚੀ ਨਾਲ ਵਾਪਰੀ ਘਟਨਾ 'ਤੇ ਪੀੜਤ ਪਰਿਵਾਰ ਨਾਲ ਡੂੰਘਾ ਦੁੱਖ ਅਤੇ ਹਮਦਰਦੀ ਪ੍ਰਗਟ ਕਰਦਿਆਂ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਨੂੰ ਤੇਜ਼ੀ ਨਾਲ ਮੁਕੰਮਲ ਕਰਦਿਆਂ ਆਉਂਦੇ ਕੁਝ ਦਿਨਾਂ ਦੇ ਅੰਦਰ-ਅੰਦਰ ਚਾਲਾਨ ਅਦਾਲਤ 'ਚ ਪੇਸ਼ ਕਰੇ ਤਾਂ ਜੋ ਦੋਸ਼ੀਆਂ ਨੂੰ ਮਿਸਾਲੀਆ ਸਜ਼ਾ ਯਕੀਨੀ ਬਣਾਈ ਜਾ ਸਕੇ।

ਐੱਸਐੱਸਪੀ ਨਵਜੋਤ ਸਿੰਘ ਮਾਹਲ ਸਮੇਤ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਹੌਲਨਾਕ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੁਆਉਣ ਲਈ ਅਦਾਲਤ ਨੂੰ ਦਰਖਾਸਤ ਕੀਤੀ ਜਾਵੇਗੀ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ 'ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਮਿਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੇ ਨਾਲ-ਨਾਲ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਪੀੜਤ ਮਾਪਿਆਂ ਦੀਆਂ ਬਾਕੀਆਂ ਬੱਚੀਆਂ ਦੀ ਮੁਫ਼ਤ ਪੜ੍ਹਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਜ਼ਿਲ੍ਹਾ ਪੁਲਿਸ ਵੱਲੋਂ ਘਟਨਾ ਤੋਂ ਤੁਰੰਤ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਤਫਤੀਸ਼ ਨੂੰ ਜੰਗੀ ਪੱਧਰ 'ਤੇ ਅਮਲ 'ਚ ਲਿਆਉਣ ਦੀ ਸ਼ਲਾਘਾ ਕਰਦਿਆਂ ਚੇਅਰਪਰਸਨ ਗੁਲਾਟੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ਉਤੇ ਕਲੰਕ ਹਨ ਜਿਨ੍ਹਾਂ ਦੇ ਜੜ੍ਹੋਂ ਖਾਤਮੇ ਲਈ ਸਾਰੇ ਤਬਕਿਆਂ ਨੂੰ ਇਕਮੁੱਠ ਹੋ ਕੇ ਬੱਚਿਆਂ ਨਾਲ ਹੁੰਦੇ ਘਿਨੌਣੇ ਅਤਿਆਚਾਰਾਂ ਖ਼ਿਲਾਫ਼ ਹੇਠਲੇ ਪੱਧਰ ਤਕ ਜਾਗਰੂਕਤਾ ਫੈਲਾਉਣੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਵਿਦਿਅਕ ਅਦਾਰਿਆਂ ਅਤੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬੇਝਿੱਜਕ ਅਜਿਹੀਆਂ ਸ਼ਰਮਨਾਕ ਅਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਤੋਂ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਚੰਗੇ-ਮਾੜੇ 'ਚ ਫਰਕ ਨੂੰ ਸਲੀਕੇ ਨਾਲ ਸਮਝਾਉਣ ਤਾਂ ਜੋ ਬੱਚੇ, ਜੇਕਰ ਉਨ੍ਹਾਂ ਨਾਲ ਕੋਈ ਸਰੀਰਕ ਛੇੜਛਾੜ ਕਰਦਾ ਹੈ ਤਾਂ ਉਸ ਖਿਲਾਫ਼ ਆਵਾਜ਼ ਬੁਲੰਦ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕ ਸਹਿਯੋਗ ਅਤੇ ਜਾਗਰੂਕਤਾ ਤੋਂ ਬਿਨ੍ਹਾਂ ਠੱਲੀਆਂ ਨਹੀਂ ਜਾ ਸਕਦੀਆਂ ਜਿਸ ਲਈ ਸਾਰਿਆਂ ਦਾ ਸਹਿਯੋਗ ਅਤਿ ਲੋੜੀਂਦਾ ਹੈ।

Posted By: Susheel Khanna