v> ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਨਗਰ ਨਿਗਮ ਹੁਸ਼ਿਆਰਪੁਰ ’ਚ ਉਸ ਸਮੇਂ ਭਰਥੂ ਪੈ ਗਿਆ, ਜਦੋਂ ਸ਼ਿਕਾਇਤ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਦੀ ਟੀਮ ਨੇ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਗੌਰਵ ਠਾਕੁਰ ਤੇ ਆਰਕੀਟੈਕਟ ਦਵਿੰਦਰ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ। ਵਿਜੀਲੈਂਸ ਵਿਭਾਗ ਦੀ ਕਾਰਵਾਈ ਨਾਲ ਬਿਲਡਿੰਗ ਬ੍ਰਾਂਚ ’ਚ ਫੈਲੀ ਭਿ੍ਰਸ਼ਟਾਚਾਰ ਦੀ ਪੋਲ ਖੁਲ੍ਹ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਡੀਐੱਸਪੀ ਨਿਰੰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਮਹਿਲਾਂਵਾਲੀ ਦੇ ਬਿਲਾਵਰ ਬਿੱਲਾ ਦੀ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਪਿੰਡ ਬਜਵਾੜਾ ਵਿਖੇ ਬਲਵੀਰ ਸਿੰਘ ਇਨਕਲੇਵ ’ਚ ਉਸ ਨੇ ਆਪਣੀ ਪਤਨੀ ਦੇ ਨਾਮ ’ਤੇ ਇਕ ਦੁਕਾਨ ਲਈ ਜਗ੍ਹਾ ਖ਼ਰੀਦੀ ਸੀ, ਜਿਸ ਤੋਂ ਬਾਅਦ ਉਸ ਨੇ ਨਗਰ ਨਿਗਮ ’ਚ ਨਕਸ਼ੇ ਲਈ ਅਪਲਾਈ ਕੀਤਾ ਸੀ, ਪਰ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਕੋਈ ਨਾ ਕੋਈ ਬਹਾਨਾ ਲਗਾ ਕੇ ਉਸ ਫਾਇਲ ਨੂੰ ਰੱਦ ਕਰ ਦਿੱਤਾ ਜਾਂਦਾ ਸੀ, ਜਿਸ ਤੋਂ ਬਾਅਦ ਆਰਕੀਟੈਕਟ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਉਸ ਨੇ ਫਾਇਲ ਦੁਆਰਾ ਦੇਖੀ ਤਾਂ ਕਿਹਾ ਜੇਕਰ ਵਾਰ-ਵਾਰ ਫਾਇਲ ਰੱਦ ਹੋ ਰਹੀ ਹੈ ਤਾਂ ਬਿਨਾਂ ਪੈਸੇ ਦਿੱਤਿਆਂ ਕੰਮ ਨਹੀਂ ਹੋਣਾ। ਇਸ ਸਬੰਧੀ ਦਵਿੰਦਰ ਸਿੰਘ ਨੇ ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਨਾਲ ਗੱਲਬਾਤ ਕੀਤੀ, ਜਿਸ ਨੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ’ਤੇ ਬਿਲਾਵਰ ਬਿੱਲਾ ਨੇ ਕਿਹਾ ਕਿ ਉਹ ਏਨੇ ਪੈਸੇ ਨਹੀਂ ਦੇ ਸਕਦਾ ਤਾਂ ਫਾਇਲ ਨੂੰ ਪਾਸ ਕਰਵਾਉਣ ਦੀ ਗੱਲ 5 ਹਜ਼ਾਰ ਰੁਪਏ ’ਚ ਤੈਅ ਹੋ ਗਈ। ਨਿਰੰਜਨ ਸਿੰਘ ਨੇ ਦੱਸਿਆ ਕਿ ਬੁੱਧਵਾਰ ਜਦੋਂ ਬਿਲਾਵਰ ਨੇ ਪੈਸੇ ਦਿੱਤਾ ਤਾਂ ਉਸ ਦੀ ਫਾਇਲ ਪਾਸ ਹੋ ਗਈ। ਇਸ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਵਿਭਾਗ ਦੀ ਟੀਮ ਨੇ ਇੰਸਪੈਕਟਰ ਗੌਰਵ ਠਾਕੁਰ ਤੇ ਦਵਿੰਦਰ ਸਿੰਘ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਇਸ ਦੌਰਾਨ ਸਰਕਾਰੀ ਗਵਾਹ ਹਰਮੇਸ਼ ਕੁਮਾਰ ਕੰਗਮਾਈ ਬੈਟਨਰੀ ਅਧਿਕਾਰੀ, ਰਾਜੇਸ਼ ਕੁਮਾਰ ਇੰਸਪੈਕਟਰ ਆਰਟੀਆਈ ਵੀ ਮੌਕੇ ’ਤੇ ਮੌਜੂਦ ਸਨ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Susheel Khanna