ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀਬਾੜੀ ਸੁਧਾਰ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਰੋਸ ਧਰਨਾ 141ਵੇਂ ਦਿਨ ਵੀ ਨਿਰਵਿਘਨ ਜਾਰੀ ਰਿਹਾ। ਇਸੇ ਦੌਰਾਨ ਨੇੜਲੇ ਪਿੰਡ ਹਿਯਾਤਪੁਰ ਤੋਂ ਨੌਜਵਾਨ ਰਵਨੀਤ ਸਿੰਘ ਪੁੱਤਰ ਕਰਨੈਲ ਸਿੰਘ ਦੀ ਬਰਾਤ ਕਿਸਾਨ ਝੰਡੇ ਹੇਠਾਂ ਟੋਲ ਪਲਾਜ਼ਾ ਹਰਸਾ ਮਾਨਸਰ ਵਿਖੇ ਪੁੱਜੀ ਤੇ ਕੇਂਦਰ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਨਵੇਂ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ ਦੀ ਮੰਗ ਦੁਹਰਾਈ। ਕਿਸਾਨ ਸੰਘਰਸ਼ ਦੀ ਸਫ਼ਲਤਾ ਦੀ ਅਰਦਾਸ ਮਗਰੋਂ ਬਰਾਤ ਪਿੰਡ ਗੇਰਾ ਲਈ ਰਵਾਨਾ ਹੋਈ। ਇਸ ਸਮੇਂ ਕਿਸਾਨ ਆਗੂਆਂ ਨੇ ਨੌਜਵਾਨ ਰਵਨੀਤ ਦੇ ਉਜਵੱਲ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਗੱਲਬਾਤ ਕਰਦੇ ਹੋਏ ਨੌਜਵਾਨ ਰਵਨੀਤ ਸਿੰਘ ਨੇ ਕਿਹਾ ਕਿ ਕਿਰਸਾਨੀ ਪਰਿਵਾਰ ਨਾਲ ਸੰਬੰਧਤ ਹੋਣ ਕਰ ਕੇ ਕਿਸਾਨਾਂ ਦੇ ਦੁੱਖ-ਤਕਲੀਫ਼ਾਂ ਨੂੰ ਉਹ ਨੇੜਿਉਂ ਸਮਝਦਾ ਹੈ ਤੇ ਨਵੇਂ ਖੇਤੀ ਕਾਨੂੰਨਾਂ ਦੀ ਘਾਤਕਤਾ ਬਾਰੇ ਵੀ ਪੂਰਨ ਸੋਝੀ ਰੱਖਦਾ ਹੈ। ਉਸਨੇ ਕਿਹਾ ਕਿ ਕੇਂਦਰ ਸਰਕਾਰ ਕਾਰੋਬਾਰੀ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ ਤੇ ਸੰਘਰਸ਼ਸ਼ੀਲ ਕਿਸਾਨਾਂ ਦੀ ਆਵਾਜ਼ ਨੂੰ ਅਣਸੁਣਿਆ ਕਰ ਕੇ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੇ ਆਮ ਨਾਗਰਿਕਾਂ ਲਈ ਲੋਕਤੰਤਰ ਸਿਰਫ਼ ਸ਼ਬਦੀ ਵਿਖਾਵਾ ਰਹਿ ਗਿਆ ਹੈ। ਇਸ ਮੌਕੇ ਨਰਿੰਦਰ ਸਿੰਘ ਗੋਲੀ, ਅਵਤਾਰ ਸਿੰਘ ਬੌਬੀ, ਵਿਜੇ ਸਿੰਘ ਬਹਿਬਲ ਮੰਜ, ਭਾਈ ਦਲਜੀਤ ਸਿੰਘ, ਬਲਜੀਤ ਸਿੰਘ ਛੰਨੀ ਨੰਦ ਸਿੰਘ, ਰੌਸ਼ਨ ਸਿੰਘ ਲਾਡਪੁਰ, ਤਰਸੇਮ ਸਿੰਘ, ਡਾ. ਰਾਜੂ ਚਨੌਰ, ਬਲਕਾਰ ਸਿੰਘ ਮੱਲ੍ਹੀ, ਅਨਿਲ ਠਾਕੁਰ ਮਾਨਸਰ, ਵਰਿੰਦਰ ਸਿੰਘ ਮੀਰਪੁਰ, ਮਨਪ੍ਰਰੀਤ ਸਿੰਘ ਹਿਯਾਤਪੁਰ, ਧਿਆਨ ਸਿੰਘ ਛੰਨੀ, ਡਾ. ਸੰਤੋਖ ਸਿੰਘ, ਸੇਵਾ ਸਿੰਘ ਸੰਧੂ, ਰਮੇਸ਼ ਕੁਮਾਰ ਮਾਨਸਰ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।