ਹਰਦਿੰਦਰ ਦੀਪਕ, ਗੜ੍ਹਦੀਵਾਲਾ

ਪੁਲਿਸ ਥਾਣਾ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਮਸਤੀਵਾਲ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਐਸਐਚਓ ਬਲਜੀਤ ਸਿੰਘ ਹੁੰਦਲ ਮੌਕੇ 'ਤੇ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਿ੍ਤਕ ਵਿਅਕਤੀ ਸੰਦੀਪ ਉਰਫ਼ ਜੁਲਫ਼ੀ ਦੀ ਰਾਤ ਕਿਸੇ ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਾਹਨ ਦੀ ਟੱਕਰ ਲੱਗਣ ਨਾਲ ਪਿੰਡ ਦੇ ਮੰਦਿਰ ਨਜ਼ਦੀਕ ਰੋਡ 'ਤੇ ਲਗਭਗ 3 ਫੁੱਟ ਡੂੰਘੀ ਜਗ੍ਹਾ ਪਰਵਾਸੀ ਮਜ਼ਦੂਰ ਦੀ ਲਾਸ਼ ਪਈ ਸੀ ਜਿਸ ਕਰ ਕੇ ਕਿਸੇ ਨੂੰ ਦੁਪਹਿਰ ਕਰੀਬ 1 ਵਜੇ ਤਕ ਪਤਾ ਨਹੀਂ ਲੱਗਾ। ਮਿ੍ਤਕ ਪਰਵਾਸੀ ਪਾਸ ਨਾ ਮੋਬਾਈਲ ਅਤੇ ਨਾ ਹੀ ਕੋਈ ਪਛਾਣ ਕਾਰਡ ਮਿਲਿਆ ਇਸਦੇ ਪਤੇ ਵਾਰੇ ਆਸ ਪਾਸ ਦੇ ਪਰਵਾਸੀਆਂ ਨੂੰ ਵੀ ਪੁੱਿਛਆ ਗਿਆ ਪਰ ਮਿ੍ਤਕ ਦੇ ਨਾਮ ਤੋਂ ਇਲਾਵਾਂ ਕਿਸੇ ਤੋਂ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਪਿੰਡ ਮਸਤੀਵਾਲ ਦੇ ਸਰਪੰਚ ਕਸ਼ਮੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ਼ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪਿੰਡ ਮਸਤੀਵਾਲ ਦੇ ਸਰਪੰਚ ਨੇ ਦੱਸਿਆ ਕਿ ਮਿ੍ਤਕ ਨਸ਼ਿਆ ਦਾ ਆਦੀ ਸੀ ਆਪਣੇ ਆਪ 'ਚ ਮਸਤ ਰਹਿੰਦਾ ਸੀ ਜਿਸ ਕਰਕੇ ਕਿਸੇ ਨੂੰ ਉਕਤ ਦੇ ਪਤੇ ਸਬੰਧੀ ਜਾਣਕਾਰੀ ਨਹੀਂ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ।