ਜੇਐੱਨਐੱਨ, ਤਲਵਾੜਾ: ਕੌਮਾਂਤਰੀ ਵੈੱਟਲੈਂਡ ਪੌਂਗ ਡੈਮ ਝੀਲ ਦੇ ਲਾਗੇ ਪਰਵਾਸੀ ਪੰਛੀਆਂ ਦਾ ਬਰਡ ਫਲੂ ਨਾਲ ਮਰਨ ਦਾ ਸਿਲਸਿਲਾ 22ਵੇਂ ਦਿਨ ਵੀ ਜਾਰੀ ਹੈ। ਸੋਮਵਾਰ ਨੂੰ ਵੈੱਟਲੈਂਡ ਵਿਚ ਪੰਦਰਾਂ ਪਰਵਾਸੀ ਪੰਛੀਆਂ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਇਕ ਪਰਵਾਸੀ ਪੰਛੀ ਨੇ ਇੱਥੇ ਤੇ 14 ਨੇ ਨਗਰੋਟਾ ਸੂਰੀਆਂ ਵਿਚ ਦਮ ਤੋੜਿਆ ਹੈ।

ਕੁਲ ਮਿਲਾ ਕੇ ਮਰਨ ਵਾਲਿਆਂ ਦੀ ਗਿਣਤੀ 4936 ਹੋ ਚੁੱਕੀ ਹੈ। ਹਾਲਾਂਕਿ ਪਿਛਲੇ ਕਰੀਬ ਸਤ ਦਿਨਾਂ ਤੋਂ ਮੌਤਾਂ ਦਾ ਸਿਲਸਿਲਾ ਘੱਟ ਰਿਹਾ ਹੈ ਜੋ ਕਿ ਰਾਹਤ ਵਾਲੀ ਗੱਲ ਹੈ। ਵਣ ਜੀਵ ਪ੍ਰਰਾਣੀ ਵਿਭਾਗ ਦੇ ਪੀਸੀਸੀਐੱਫ ਅਰਚਨਾ ਸ਼ਰਮਾ ਤੇ ਡੀਐੱਫਓ ਰਾਹੁਲ ਰੇਹਾਣੇ ਨੇ ਦੱਸਿਆ ਕਿ ਹਾਲੇ ਤਾਈਂ ਕੌਮਾਂਤਰੀ

ਵੈੱਟਲੈਂਡ ਪੌਂਗ ਬੰਨ੍ਹ ਝੀਲ ਵਿਚ 4936 ਪਰਵਾਸੀ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਦਰਅਸਲ ਲੰਘੀ 28 ਦਸੰਬਰ ਨੂੰ ਵੈੱਟਲੈਂਡ ਪੌਂਗ ਬੰਨ੍ਹ ਝੀਲ ਦੇ ਲਾਗੇ ਸੈਂਕੜੇ ਦੀ ਗਿਣਤੀ ਵਿਚ ਪਰਵਾਸੀ ਪੰਛੀਆਂ ਨੇ ਦਮ ਤੋੜਿਆ ਸੀ।

ਉਨ੍ਹਾਂ ਦੱਸਿਆ ਕਿ ਵਣ ਪ੍ਰਰਾਣੀ ਵਿਭਾਗ ਦੇ ਇਸ ਕੰਮ ਵਿਚ ਲੱਗੀਆਂ ਸਾਰੀਆਂ ਟੀਮਾਂ ਵੱਲੋਂ ਪੀਪੀਈ ਕਿੱਟਾਂ ਪਹਿਨ ਕੇ ਡਿਊਟੀ ਨਿਭਾਈ ਜਾ ਰਹੀ ਹੈ। ਮਰ ਚੁੱਕੇ ਪੰਛੀਆਂ ਦੀਆਂ ਲਾਸ਼ਾਂ ਨੂੰ ਸਾਵਧਾਨੀ ਨਾਲ ਟਿਕਾਣੇ ਲਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਵਾਰ ਮਾਰੇ ਗਏ ਪੰਛੀਆਂ ਦੀ ਜਾਂਚ ਦੌਰਾਨ ਜੋ ਵਾਇਰਸ ਪਾਇਆ ਗਿਆ ਹੈ, ਬਹੁਤ ਘਾਤਕ ਹੈ ਤੇ ਜਾਨਵਰਾਂ ਤੋਂ ਇਲਾਵਾ ਇਨਸਾਨਾਂ ਲਈ ਨੁਕਸਾਨਦੇਹ ਹੈ। ਇੱਥੇ ਕੌਮਾਂਤਰੀ ਵੈੱਟਲੈਂਡ ਪੌਂਗ ਬੰਨ੍ਹ ਝੀਲ ਦੇ ਲਾਗੇ ਰਹਿੰਦੇ ਲੋਕਾਂ ਵੱਲੋਂ ਪਾਲਤੂ ਪਸ਼ੂਆਂ ਨੂੰ ਵੀ ਪੌਂਗ ਝੀਲ ਵਿਚ ਛੱਡਣ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ।

ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੀ ਆਪਣੀ ਡਿਊਟੀ ਪੌਂਗ ਬੰਨ੍ਹ ਝੀਲ ਦੇ ਲਾਗੇ ਪੂਰੀ ਮੁਸਤੈਦੀ ਨਾਲ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪਰਵਾਸੀ ਪੰਛੀਆਂ ਦੀ ਮੌਤ ਦਾ ਅੰਕੜਾ ਮੁਕਾਬਲਤਨ ਘੱਟ ਹੋ ਰਿਹਾ ਹੈ। ਇਸ ਦੌਰਾਨ ਹਿਮਾਚਲ ਦੇ ਵਣ, ਨੌਜਵਾਨ ਸੇਵਾਵਾਂ ਤੇ ਖੇਡਾਂ ਦੇ ਮੰਤਰੀ ਰਕੇਸ਼ ਪਠਾਨੀਆ ਨੇ ਕਿਹਾ ਕਿ ਪੀਸੀਸੀਐੱਫ ਅਰਚਨਾ ਸ਼ਰਮਾ, ਵਣ ਜੀਵ ਪ੍ਰਰਾਣੀ ਵਿਭਾਗ ਦੇ ਡੀਐੱਫਓ ਰਾਹੁਲ ਰੇਹਾਣੇ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਕੰਮ ਕਰ ਰਹੀ ਹੈ।