ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਨਗਰ ਨਿਗਮ ਵਿਖੇ ਦੂਜੀ ਜਨਰਲ ਹਾਊਸ ਮੀਟਿੰਗ ਦੌਰਾਨ ਪੰਜਾਬ ਨਿਰਮਾਣ ਪੋ੍ਗਰਾਮ ਅਧੀਨ 395.54 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ 29 ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ।

ਮੀਟਿੰਗ ਦੌਰਾਨ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਸਣੇ ਕਈ ਕੌਂਸਲਰ ਸਨ। ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਯੋਗ ਅਗਵਾਈ ਹੇਠ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾਵੇਗੀ।

ਹੋਰ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਨੇ ਦੱਸਿਆ ਕਿ 29 ਵਿਕਾਸ ਕਾਰਜਾਂ ਤੋਂ ਇਲਾਵਾ ਹਾਊਸ ਨੇ 10 ਪਾਰਕਾਂ ਅਤੇ ਕਮਾਲਪੁਰ ਚੌਕ ਤੋਂ ਸਰਕਾਰੀ ਕਾਲਜ ਚੌਕ, ਫ਼ਾਰੈਸਟ ਹਾਊਸ ਰੋਡ, ਸੂਰਜ ਨਗਰ ਤੋਂ ਮਹਾਰਾਣਾ ਪ੍ਰਤਾਪ ਭਵਨ ਤੱਕ ਮੁੱਖ ਸੜਕ ਆਦਿ ਸਮੇਤ 7 ਮੈਟਲ-ਲੈਡ ਰੋਡ ਵਿਕਸਤ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਯੂ.ਈ.ਆਈ.ਪੀ-3 ਅਧੀਨ 47 ਵਿਕਾਸ ਕਾਰਜ 8.01 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣਗੇ। ਇਸੇ ਤਰਾਂ੍ਹ ਬੱਸ ਸਟੈਂਡ ਨੇੜੇ ਪਿੰਕ ਪਖ਼ਾਨਿਆਂ ਦੀ ਸਾਂਭ-ਸੰਭਾਲ ਸੁਲਭ ਇੰਟਰਨੈਸ਼ਨਲ ਨੂੰ ਬਿਨਾਂ ਉਪਭੋਗਤਾ ਖ਼ਰਚ ਸੌਂਪਣ ਦਾ ਫ਼ੈਸਲਾ ਵੀ ਲਿਆ ਗਿਆ। ਮੀਟਿੰਗ ਵਿੱਚ ਨਵੇਂ ਉਦਘਾਟਨ ਕੀਤੇ ਗਏ ਸਾਈਕਲ ਟਰੈਕ ਦੀ ਸਾਂਭ-ਸੰਭਾਲ ਲਈ ਦੋ ਕਾਮਿਆਂ ਦੀ ਨਿਯੁਕਤੀ ਕਰਨ ਅਤੇ ਲੋਕਾਂ ਲਈ ਇਸ ਦੇ ਸਮੇਂ ਵਿੱਚ ਵਾਧਾ ਕਰਨ ਲਈ ਮਤਾ ਵੀ ਪਾਸ ਕੀਤਾ ਗਿਆ।