ਪੱਤਰ ਪੇ੍ਰਰਕ, ਗੜ੍ਹਸ਼ੰਕਰ : ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਨੇ ਜਵਾਹਰ ਲਾਲ ਯੂਨੀਵਰਸਿਟੀ ਵਲੋਂ ਵਧਾਈਆਂ ਗਈਆਂ ਹੋਸਟਲ ਦੀਆਂ ਫੀਸਾਂ ਦੇ ਵਾਧੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਡੀਟੀਐੱਫ ਦੇ ਸੂਬਾ ਆਗੂ ਮਾਸਟਰ ਮੁਕੇਸ਼ ਗੁਜਰਾਤੀ ਅਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਦਿੱਲੀ ਦੇ ਸੰਘਰਸ਼ ਕਰ ਰਹੇ ਵਿਦਿਆਰਥੀ ਤੇ ਜੇਐੱਨਯੂ ਤੇ ਪ੍ਰਸ਼ਾਸਨ ਨੇ ਸਰਕਾਰ ਦੇ ਇਸ਼ਾਰਿਆਂ 'ਤੇ ਪੁਲਿਸ ਰਾਹੀਂ ਲਾਠੀਚਾਰਜ ਕਰਵਾਇਆ ਹੈ। ਡੀਟੀਐੱਫ ਇਸ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਵਿਦਿਆਰਥੀ ਪਿਛਲੇ 15 ਦਿਨਾਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋਇਆ। ਅੱਜ ਸੀਆਰਪੀਐੱਫ ਲਗਾਈ ਗਈ ਤੇ ਪੁਲਸ ਦੁਆਰਾ ਲਾਠੀ ਚਾਰਜ, ਜਲ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਤੇ ਕਈ ਵਿਦਿਆਰਥੀ ਆਗੂਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਿਦਿਆਰਥੀਆਂ ਦੀਆਂ ਜ਼ਾਇਜ ਮੰਗਾਂ ਨੂੰ ਮੰਨ ਕੇ ਗਿ੍ਰਫਤਾਰ ਕੀਤੇ ਵਿਦਿਆਰਥੀ ਆਗੂਆਂ ਨੂੰ ਰਿਹਾ ਕਰੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀਟੀਐੱਫ ਆਗੂ ਹੰਸ ਰਾਜ ਗੜ੍ਹਸ਼ੰਕਰ, ਹਰਮੇਸ਼ ਕੁਮਾਰ ਭਾਟੀਆ, ਮਨਜੀਤ ਸਿੰਘ ਬੰਗਾ, ਸੱਤਪਾਲ ਕਲੇਰ, ਅਸ਼ਨੀ ਕੁਮਾਰ, ਰਜਿੰਦਰ ਕੁਮਾਰ, ਕਰਨੈਲ ਸਿੰਘ ਅਤੇ 5178 ਅਧਿਆਪਕ ਯੂਨੀਅਨ ਦੇ ਆਗੂ ਵਿਪਨ ਸਨਿਆਲ, ਸੰਜੀਵ ਕਲਸੀ, ਜਸਵਿੰਦਰ ਕੋਰ ਆਦਿ ਹਾਜ਼ਰ ਸਨ ।