ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ - ਜ਼ਿਲ੍ਹਾ ਪੁਲਿਸ ਵੱਲੋਂ ਇੰਡੀਅਨ ਓਵਰਸੀਜ਼ ਬੈਂਕ ਗਿਲਜੀਆਂ, ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ ਤੇ ਆਲੇ-ਦੁਆਲੇ ਦੇ ਇਲਾਕੇ 'ਚ ਬੈਂਕ ਡਕੈਤੀਆਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਦਿਆਂ ਤਿੰਨ ਦੇਸੀ ਪਿਸਤੌਲ 315 ਬੋਰ, 8 ਜਿੰਦਾ ਕਾਰਤੂਸ, ਇਕ ਸਕੂਟੀ, ਇਕ ਮੋਟਰਸਾਈਕਲ, 30 ਹਜ਼ਾਰ ਰੁਪਏ ਤੇ ਥਾਣਾ ਆਦਮਪੁਰ ਦੇ ਪਿੰਡ ਕਾਲਰਾ 'ਚ ਯੂਕੋ ਬੈਂਕ 'ਚ ਡਕੈਤੀ ਦੌਰਾਨ ਗਾਰਡ ਪਾਸੋਂ ਖੋਹੀ ਦੋਨਾਲੀ ਬਰਾਮਦ ਕੀਤੀ ਗਈ।

ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ, ਜਿਨ੍ਹਾਂ ਦਾ ਪਿਛੋਕੜ ਵੱਖ-ਵੱਖ ਤਰ੍ਹਾਂ ਦੇ ਜ਼ੁਰਮਾਂ ਨਾਲ ਜੁੜਿਆ ਹੋਇਆ ਹੈ, ਦੀ ਪਛਾਣ ਸੁਨੀਲ ਦੱਤ ਵਾਸੀ ਘੁਗਿਆਲ, ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਕੋਠੇ ਪ੍ਰੇਮ ਨਗਰ, ਹਰਿਆਣਾ ਅਤੇ ਬਲਵਿੰਦਰ ਸਿੰਘ ਉਰਫ ਸੋਨੂ ਵਾਸੀ ਕੋਠੇ ਪ੍ਰੇਮ ਨਗਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਦੋ ਸਾਥੀ ਸਤਪਾਲ ਸਿੰਘ ਉਰਫ ਸੱਤਾ ਵਾਸੀ ਹਰਿਆਣਾ ਅਤੇ ਗੁਰਵਿੰਦਰ ਸਿੰਘ ਉਰਫ ਬਿੰਦਾ ਵਾਸੀ ਲੁਡਿਆਣੀ ਥਾਣਾ ਦਸੂਹਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਬੈਂਕ ਡਕੈਤੀਆਂ ਨੂੰ ਹੱਲ ਕਰਨ ਲਈ ਐੱਸਪੀ (ਤਫਤੀਸ਼) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਦੀਆਂ 6 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਇਹ ਮਸਲੇ ਹੱਲ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਮਾਡਲ ਟਾਊਨ ਥਾਣੇ ਦੇ ਇੰਸਪੈਕਟਰ ਕਰਨੈਲ ਸਿੰਘ, ਥਾਣਾ ਸਿਟੀ ਦੇ ਇੰਸਪੈਕਟਰ ਗੋਬਿੰਦਰ ਕੁਮਾਰ ਤੇ ਸੀਆਈਏ ਦੇ ਇੰਸਪੈਕਟਰ ਸ਼ਿਵ ਕੁਮਾਰ ਤੇ ਆਧਾਰਤ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ 'ਚ ਲੱਗੇ ਸੀਸੀਟੀਵੀ ਫੁਟੇਜ, ਅਪਰਾਧਕ ਕਿਸਮ/ਜਮਾਨਤ 'ਤੇ ਆਏ ਵਿਅਕਤੀਆਂ ਦੇ ਅਪਰਾਧਕ ਪਿਛੋਕੜ ਖੰਗਾਲਣ ਤੇ ਸੂਹੀਆਂ ਦੀ ਮਦਦ ਨਾਲ ਬੀਤੇ ਦਿਨ 19 ਅਕਤੂਬਰ ਰਾਤ ਕਰੀਬ 11 ਵਜੇ ਪਿੰਡ ਖਾਖਲੀ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਥਾਣਾ ਹਰਿਆਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਵੱਲੋਂ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਂ 'ਚ ਬੈਂਕ ਲੁੱਟਣ ਦੀ ਸੀ ਯੋਜਨਾ

ਮਾਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸੰਗੀਨ ਜ਼ੁਰਮਾਂ ਤਹਿਤ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਟਾਂਡਾ ਦੇ ਪਿੰਡ ਗਿਲਜੀਆਂ 'ਚ 27 ਜੁਲਾਈ ਨੂੰ ਤੇ ਥਾਣਾ ਸਦਰ ਦੇ ਪਿੰਡ ਭਾਗੋਵਾਲ 'ਚ 4 ਸਤੰਬਰ ਨੂੰ ਬੈਂਕ ਡਕੈਤੀ ਕੀਤੀ ਗਈ ਸੀ, ਜਿਸ ਉਪਰੰਤ 15 ਅਕਤੂਬਰ ਨੂੰ ਥਾਣਾ ਆਦਮਪੁਰ ਦੇ ਪਿੰਡ ਕਾਲਰਾ 'ਚ ਬੈਂਕ ਡਕੈਤੀ ਕੀਤੀ ਗਈ ਤੇ ਉਨ੍ਹਾਂ ਵੱਲੋਂ ਵਰਤੇ ਗਏ ਮੋਟਰਸਾਈਕਲ ਤੇ ਇਕ ਸਕੂਟੀ ਵੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਤਪਾਲ ਸਿੰਘ ਉਰਫ ਸੱਤਾ ਜੋ ਕਿ ਵਾਰਦਾਤ ਕਰਨ ਤੋਂ ਬਾਅਦ ਆਪਣੇ ਹਥਿਆਰ ਬਲਵਿੰਦਰ ਸਿੰਘ ਉਰਫ ਸੋਨੂੰ ਕੋਲ ਰੱਖ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਭੈਣੀ ਮੀਆਂ ਖਾਂ 'ਚ ਬੈਂਕ ਲੁੱਟਣ ਦੀ ਯੋਜਨਾ ਬਣਾਈ ਗਈ ਸੀ, ਜਿਸ ਲਈ ਉਨ੍ਹਾਂ ਵੱਲੋਂ ਰੈਕੀ ਵੀ ਕੀਤੀ ਗਈ ਸੀ। ਬਰਾਮਦ ਹੋਈ ਸਕੂਟਰੀ ਜੋ ਕਿ ਸਤਨਾਮ ਸਿੰਘ ਉਰਫ ਸੱਤਾ ਨੇ ਖਰੀਦੀ ਸੀ ਤੇ ਉਸ ਦੀ ਆਰਸੀ ਜਾਅਲੀ ਦਸਤਾਵੇਜ ਤਿਆਰ ਕਰਕੇ ਕਿਸੇ ਦੇ ਨਾਂ 'ਤੇ ਬਣਾਏ ਸਨ ਤਾਂ ਜੋ ਪੁਲਿਸ ਉਸ ਤਕ ਪਹੁੰਚ ਨਾ ਸਕੇ।

Posted By: Tejinder Thind