ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਦਿ ਹੁਸ਼ਿਆਰਪੁਰ ਪ੍ਰਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ. ਹੁਸ਼ਿਆਰਪੁਰ (ਪੀਏਡੀਬੀ) ਦਾ ਕਰੋੜਾਂ ਰੁਪਏ ਦਾ ਕਰਜ਼ਾ ਨਾ ਮੋੜਨ ਵਾਲੇ ਦੋ ਡਿਫਾਲਟਰਾਂ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਮੈਨੇਜਰ ਪੀਏਡੀਬੀ ਹੁਸ਼ਿਆਰਪੁਰ ਸੁਰਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਬਲਬੀਰ ਸਿੰਘ ਸਾਂਧਰਾ ਜਿਸ ਨੂੰ ਹੁਣ ਪੀਏਡੀਬੀ ਹੁਸ਼ਿਆਰਪੁਰ ਵਿਖੇ ਹੋਏ ਕਰੋੜਾਂ ਰੁਪਏ ਦੇ ਘਪਲੇ 'ਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਨੇ ਇਸ ਬੈਂਕ ਤੋਂ 31 ਲੋਨ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਲਏ ਹਨ। ਉਸ ਨੇ 5 ਕਰੋੜ 63 ਲੱਖ 71 ਹਜ਼ਾਰ ਰੁਪਏ ਇਸ ਬੈਂਕ ਨੂੰ ਦੇਣੇ ਹਨ। ਇਸ ਤੋਂ ਇਲਾਵਾ ਮੁਲਜ਼ਮ ਬਲਬੀਰ ਸਿੰਘ ਨੇ ਪੀਏਡੀਬੀ ਤੋਂ ਲਏ ਨਿੱਜੀ ਕਰਜ਼ੇ ਦੇ 8 ਲੱਖ 37 ਹਜ਼ਾਰ ਰੁਪਏ ਵੀ ਬੈਂਕ ਨੂੰ ਦੇਣੇ ਹਨ, ਜਿਸ ਨੂੰ ਨਾ ਮੋੜਨ ਕਰ ਕੇ ਉਸ ਨੂੰ ਯੋਗ ਕਾਰਵਾਈ ਕਰਦੇ ਹੋਏ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਸੰਦੀਪ ਸਿੰਘ ਸੋਢੀ ਸਾਬਕਾ ਫੀਲਡ ਅਫਸਰ ਪੀਏਡੀਬੀ ਹੁਸ਼ਿਆਰਪੁਰ ਜਿਸ ਨੂੰ ਬੈਂਕ ਨਾਲ ਕਰੋੜਾਂ ਰੁਪਏ ਦੇ ਕੀਤੇ ਘਪਲੇ ਕਰ ਕੇ ਨੌਕਰੀ ਤੋਂ ਬਰਖ਼ਾਸਤ ਕੀਤਾ ਹੋਇਆ ਹੈ, ਨੇ ਬੈਂਕ ਤੋਂ 19 ਕਰਜ਼ੇ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਲਏ ਹਨ, ਜਿਸ ਨੇ ਇਸ ਸਮੇਂ ਬੈਂਕ ਨੂੰ 4 ਕਰੋੜ 12 ਲੱਖ 57 ਹਜ਼ਾਰ ਰੁਪਏ ਮੋੜਨੇ ਹਨ। ਇਸ ਤੋਂ ਇਲਾਵਾ ਸੰਦੀਪ ਸਿੰਘ ਵੱਲੋਂ ਇਕ ਨਿੱਜੀ ਕਰਜ਼ਾ ਵੀ ਲਿਆ ਗਿਆ ਹੈ, ਜਿਸ ਦੇ 5 ਲੱਖ 25 ਹਜ਼ਾਰ ਵਸੂਲਣਯੋਗ ਹਨ। ਕਰਜ਼ਾ ਨਾ ਮੋੜਨ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਬਾਕਸ

ਪਹਿਲਾਂ ਵੀ ਹੋ ਚੁੱਕੇ ਗਿ੍ਫ਼ਤਾਰ

ਦੱਸਣਯੋਗ ਹੈ ਕਿ ਮੁਲਜ਼ਮ ਸੰਦੀਪ ਸਿੰਘ ਸੋਢੀ ਨੂੰ 2015 ਤੇ 2018 'ਚ ਵੀ ਗਿ੍ਫ਼ਤਾਰ ਕੀਤਾ ਗਿਆ ਸੀ ਪਰ ਉਸ ਵੱਲੋਂ ਸਿਰਫ 7.50 ਲੱਖ ਰੁਪਏ ਹੀ ਬੈਂਕ 'ਚ ਜਮ੍ਹਾਂ ਕਰਵਾਏ ਗਏ ਸਨ। ਇਸੇ ਤਰ੍ਹਾਂ ਬਲਬੀਰ ਸਿੰਘ ਸਾਂਧਰਾ ਨੂੰ 2018 'ਚ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਉਸ ਵੱਲੋਂ ਵੀ ਸਿਰਫ਼ 2.25 ਲੱਖ ਰੁਪਏ ਹੀ ਬੈਂਕ 'ਚ ਜਮ੍ਹਾਂ ਕਰਵਾਏ ਸਨ।

ਬਾਕਸ

15 ਬੈਂਕ ਡਿਫ਼ਾਲਟਰਾਂ ਕੀਤਾ ਬੈਂਕ ਨਾਲ 2541.93 ਲੱਖ ਦਾ ਘਪਲਾ

ਇਸ ਤੋਂ ਇਲਾਵਾ ਸੰਦੀਪ ਘਈ, ਬਲਬੀਰ ਸਿੰਘ ਸਾਂਧਰਾ, ਸੰਦੀਪ ਸਿੰਘ ਸੋਢੀ, ਗੁਰਮੇਲ ਸਿੰਘ ਨੂਰਤਲਾਈ, ਪੁੰਦਰੀਕ ਰਤਨ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਕੁਲਦੀਪ ਹਾਰਟਾ, ਕੁਲਦੀਪ ਬਡਲਾ, ਪਾਲ ਸਿੰਘ, ਜਤਿੰਦਰ ਸਿੰਘ, ਅਮਨਦੀਪ ਸਿੰਘ, ਗੁਲਸ਼ਨ ਰਾਏ, ਦਵਿੰਦਰ ਸਿੰਘ ਤੇ ਇਨ੍ਹਾਂ ਦੇ ਪਰਿਵਾਰ ਬੈਂਕ ਦੇ ਟਾਪ 15 ਡਿਫ਼ਾਲਟਰ ਹਨ, ਜਿਨ੍ਹਾਂ ਵੱਲ 2541.93 ਲੱਖ ਰੁਪਏ ਵਸੂਲਣਯੋਗ ਹਨ।