ਭੂਪੇਸ਼ ਪ੍ਰਜਾਪਤੀ, ਹੁਸ਼ਿਆਰਪੁਰ : ਸ਼ਹਿਰ 'ਚ ਚੱਲ ਰਹੇ ਟੈਂਪੂ ਤੇ ਆਟੋ ਚਾਲਕਾਂ ਵੱਲੋਂ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਹ ਟੈਂਪੂ ਚਾਲਕਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੋਂ ਕੋਈ ਗੁਰੇਜ਼ ਨਹੀਂ ਕਰਦੇ ਜੋ ਕਿ ਸੜਕ 'ਚ ਕਿਸੇ ਵੀ ਥਾਂ 'ਤੇ ਖੜੇ ਕਰਕੇ ਸਵਾਰੀਆਂ ਨੂੰ ਉਤਾਰਨ ਤੇ ਚੜਾਉਣ ਦਾ ਕੰਮ ਕਰਦੇ ਹਨ। ਇਥੇ ਹੀ ਬਸ ਨਹੀਂ ਹੁੰਦੀ, ਪੈਸਿਆਂ ਦੇ ਲਾਲਚ ਨੂੰ ਲੈ ਕੇ ਇਕ ਟੈਂਪੂ ਚਾਲਕ ਜ਼ਰੂਰਤ ਤੋਂ ਜ਼ਿਆਦਾ ਸਵਾਰੀਆਂ ਚੜ੍ਹਾ ਲੈਂਕੇ ਹਨ। ਛੋਟੇ ਆਟੋ ਤਾਂ ਠੀਕ ਹਨ ਪਰ ਵੱਡੇ ਟੈਂਪੂ ਜਿਨ੍ਹਾਂ ਨੂੰ ਲੋਕ ਭੂੰਡ ਵੀ ਕਹਿੰਦੇ ਹਨ ਉਹ ਸ਼ਹਿਰ ਹੁਸ਼ਿਆਰਪੁਰ ਤੋਂ ਆਸ ਪਾਸ ਦੇ ਪਿੰਡਾਂ ਨੂੰ ਚੱਲਦੇ ਹਨ। ਜਿਨ੍ਹਾਂ 'ਚ ਅਤੋਵਾਲ, ਭਟਰਾਣਾ, ਮਾਨਾਂ, ਬੱਸੀ ਦੌਲਤ ਖਾਂ, ਨਸਰਾਲਾ, ਅਜੜਾਮ, ਕਾਹਰੀ ਸਾਹਰੀ, ਲਾਚੋਵਾਲ, ਸਾਧਰਾਂ, ਨੰਦਾਚੌਰ, ਚੌਹਾਲ, ਜੇਸੀਟੀ, ਬਾਗਪੁਰ ਆਦਿ ਪਿੰਡਾਂ ਨੂੰ ਜਾਂਦੇ ਹਨ। ਇਨ੍ਹਾਂ ਟੈਂਪੂ ਚਾਲਕਾਂ ਵੱਲੋਂ ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਜਾਂਦੀਆਂ ਹਨ। ਲੋੜ ਤੋਂ ਵੱਧ ਸਵਾਰੀਆਂ ਚੜ੍ਹਾ ਕਿ ਇਹ ਟੈਂਪੂ ਚਾਲਕਾਂ ਵੱਲੋਂ ਲੋਕਾਂ ਦੀ ਜਾਨ ਦੀ ਪਰਵਾਰ ਕੀਤੇ ਬਿਨਾਂ ਸੜਕਾਂ 'ਤੇ ਬੇਲਗਾਮ ਦੌੜਦੇ ਹਨ। ਇਨ੍ਹਾਂ 'ਚੋਂ ਜ਼ਿਆਦਾ ਟੈਂਪੂਆਂ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ ਤੇ ਪਰਮਿਟ ਵੀ ਨਹੀਂ ਹਨ। ਸ਼ਹਿਰ ਦੇ ਚੌਰਾਹਿਆਂ 'ਚ ਖੜੇ ਪੁਲਿਸ ਮੁਲਾਜ਼ਮ ਸਿਵਾਏ ਤਮਾਸ਼ਾ ਦੇਖਣ ਲਈ ਹੀ ਹਨ। ਜੋ ਇਨ੍ਹਾਂ ਵੱਲ ਧਿਆਨ ਦੇਣ ਦੀ ਬਜਾਏ ਦੂਜੇ ਪਾਸੇ ਮੂੰਹ ਕਰ ਲੈਂਦੇ ਹਨ।

ਹਾਈਕੋਰਟ ਵੱਲੋਂ ਦਿਨ ਪ੍ਰਤੀਦਿਨ ਹੋਣ ਵਾਲੇ ਸੜਕੀ ਹਾਦਸਿਆਂ ਟੈ੍ਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ, ਪਰ ਫਿਰ ਪੁਲਿਸ ਮੁਲਾਜ਼ਮਾਂ ਵਲੋਂ ਅਦਾਲਤੀ ਨਿਰਦੇਸ਼ਾਂ ਦੀ ਪਰਵਾਹ ਕੀਤੇ ਬਿਨਾਂ ਇਨ੍ਹਾਂ ਨੂੰ ਬੇ-ਲਗਾਮ ਨਿਯਮਾਂ ਨੂੰ ਤੋੜਦਿਆਂ ਦੇਖਿਆ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਦੀ ਦਰਿਆਦਿਲੀ ਦਾ ਲੋਕ ਨਾਜਾਇਜ਼ ਫਾਇਦਾ ਉਡਾਉਂਦੇ ਹਨ। ਲਾਭ ਲੈਣ ਦੇ ਚੱਕਰ 'ਚ ਟੈਂਪੂ ਚਾਲਕਾਂ ਵੱਲੋਂ ਟੈ੍ਫਿਕ ਨਿਯਮਾਂ ਦੀ ਉਲੰਘਣਾ ਤਾਂ ਕੀਤੀ ਜਾਂਦੀ ਹੈ ਨਾਲ ਹੀ ਸਵਾਰੀਆਂ ਜਾਨ ਨੂੰ ਵੀ ਖਤਰੇ ਵਿਚ ਪਾਈ ਰੱਖਦੇ ਹਨ। ਦੂਸਰੇ ਪਾਸੇ ਜੋ ਕੋਈ ਦੋਪਹੀਆ ਵਾਹਨ ਵਾਲਾ ਨਿਯਮਾਂ ਨੂੰ ਤੋੜਦਾ ਦਿਖ ਜਾਂਦਾ ਹੈ ਤਾਂ ਟੈ੍ਫਿਕ ਪੁਲਿਸ ਮਲਾਜ਼ਮ ਚਲਾਨ ਕੱਟਣ 'ਚ ਜਰਾ ਵੀ ਦੇਰ ਨਹੀਂ ਕਰਦੇ। ਇਨ੍ਹਾਂ ਮਿੰਨੀ ਬੱਸਾਂ, ਆਟੋ ਚਾਲਕਾਂ ਤੇ ਭੂੰਡ ਚਾਲਕਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਨਿਯਮਾਂ ਅਨੁਸਾਰ ਵੱਡੇ ਟੈਂਪੂਆਂ ਦੀ ਸਵਾਰੀਆਂ ਬਿਠਾਉਣ ਦੀ ਗਿਣਤੀ ਡਰਾਇਵਰ ਸਮੇਤ 9 ਹਨ ਤੇ ਛੋਟੇ ਆਟੋ 'ਚ 4 ਹੈ, ਪਰ ਪੈਸਿਆਂ ਦੇ ਲਾਲਚ 'ਚ ਉਕਤ ਚਾਲਕ ਲੋਕਾਂ ਦੀਆਂ ਜਾਨ ਖਤਰੇ 'ਚ ਪਾ ਦਿੰਦੇ ਹਨ।

ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਡੀਐੱਸਪੀ

ਇਸ ਸਬੰਧ 'ਚ ਡੀਐੱਸਪੀ ਦਲਜੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਬਹੁਤ ਗੰਭੀਰ ਹਨ। ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਨਿਯਮਾਂ ਦੀ ਉਲਘੰਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇ ਕੋਈ ਅਜਿਹਾ ਕਰਦਾ ਦੇਖਿਆ ਗਿਆ ਤਾਂ ਉਨ੍ਹਾਂ ਦੇ ਚਲਾਨ ਵੀ ਕੱਟੇ ਜਾਣਗੇ।

ਲੋੜ ਪੈਣ 'ਤੇ ਵਾਹਨ ਨੂੰ ਕੀਤਾ ਜਾਵੇਗਾ ਜਬਤ : ਕਰਨ ਸਿੰਘ

ਇਸ ਸਬੰਧੀ ਆਰਟੀਆਈ ਹੁਸ਼ਿਆਰਪੁਰ ਦੇ ਸਕੱਤਰ ਕਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਵਿਭਾਗ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਇਨ੍ਹਾਂ ਟੈਂਪੂਆਂ ਦੀ ਮਿਆਦ ਸਬੰਧੀ ਚੈਕਿੰਗ ਕੀਤੀ ਜਾਵੇਗੀ ਜੇ ਕੋਈ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ 'ਤੇ ਵਾਹਨਾਂ ਨੂੰ ਜਬਤ ਵੀ ਕੀਤਾ ਜਾਵੇਗਾ।