ਸਤਨਾਮ ਲੋਈ, ਮਾਹਿਲਪੁਰ

ਵੀਰਵਾਰ ਸ਼ਾਮ ਫਗਵਾੜਾ ਰੋਡ 'ਤੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਇਕ ਕਾਰ ਤੇ ਮੋਟਰਸਾਈਕਲਾਂ 'ਤੇ ਸਵਾਰ ਡੇਢ ਦਰਜਨ ਦੇ ਕਰੀਬ ਨੌਜਵਾਨਾਂ ਨੇ ਇਕ ਕਨਫੈਕਸ਼ਨਰੀ ਦੀ ਦੁਕਾਨ 'ਤੇ ਮੌਜੂਦ ਨੌਜਵਾਨਾਂ 'ਤੇ ਡੰਡਿਆਂ ਤੇ ਲੋਹੇ ਦੇ ਪਾਈਪਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਉੱਥੇ ਖ਼ੜੇ੍ਹ ਲੋਕਾਂ ਤੇ ਪੱਤਰਕਾਰਾਂ ਦੇ ਮੋਬਾਈਲ ਵੀ ਖੋਹ ਕੇ ਤੋੜ ਦਿੱਤੇ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪ੍ਰਰਾਪਤ ਜਾਣਕਾਰੀ ਅਨੁਸਾਰ ਚੰਦਨ ਚਾਵਲਾ ਪੁੱਤਰ ਸੁਰਿੰਦਰ ਚਾਵਲਾ ਵਾਸੀ ਮਾਹਿਲਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸ਼ਾਮ ਸਾਢੇ ਕੁ ਪੰਜ ਵਜੇ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਇਕ ਕਾਰ ਅਤੇ ਅੱਧੀ ਦਰਜਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਡੇਢ ਦਰਜਨ ਦੇ ਕਰੀਬ ਨੌਜਵਾਨ ਆਏ ਜਿਨ੍ਹਾਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉੱਥੇ ਮੌਜੂਦ ਉਸ ਦੇ ਗਾਹਕਾਂ ਅਤੇ ਉਸ ਦੇ ਦੋਸਤ ਲਖ਼ਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਕਸੀਹਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਲੋਕਾਂ ਤੇ ਪੱਤਰਕਾਰਾਂ ਨੇ ਹਮਲਾਵਰਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਤੈਸ਼ ਵਿਚ ਆਏ ਹਮਲਾਵਰਾਂ ਨੇ ਉਨ੍ਹਾਂ ਕੋਲੋਂ ਮੋਬਾਈਲ ਖ਼ੋਹ ਕੇ ਉਨ੍ਹਾਂ ਦੀ ਕੁੱਟਮਾਰ ਕਰ ਕੇ ਮੋਬਾਈਲ ਸੜਕ 'ਤੇ ਮਾਰ ਕੇ ਤੋੜ ਦਿੱਤੇ। ਆਪਣੀ ਜਾਨ ਬਚਾਉਣ ਲਈ ਦੁਕਾਨ ਮਾਲਕ ਅਤੇ ਉਸ ਦਾ ਦੋਸਤ ਬਾਹਰ ਭੱਜ ਗਏ ਪਰੰਤੂ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ। ਹਮਲਾਵਰਾਂ ਦੇ ਹੱਥ ਜੋ ਆਇਆ ਉਸ ਨੂੰ ਚੁੱਕ ਕੇ ਮਾਰਨਾ ਸ਼ੁਰੂ ਕਰ ਦਿੱਤਾ ਇੱਥੋਂ ਤਕ ਕਿ ਨਾਲ ਦੀਆਂ ਦੁਕਾਨਾਂ ਤੋਂ ਵੀ ਜੋ ਹੱਥ ਆਇਆ ਚੁੱਕ ਮਾਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਦੋਹਾਂ ਧਿਰਾਂ ਦੀ ਆਪਸ ਵਿਚ ਤਕਰਾਰ ਹੋ ਗਈ ਸੀ ਤੇ ਬੀਤੇ ਕੱਲ ਸੁਲਾਹ ਸਫ਼ਾਈ ਵੀ ਹੋ ਗਈ। ਮਾਮਲਾ ਕਿਸੇ ਲੜਕੀ ਦੀ ਛੇੜਛਾੜ ਦਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਮਾਹਿਲਪੁਰ ਪੁਲਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।