ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਮੱਧ ਪ੍ਰਦੇਸ਼ ਦੇ ਪੰਚਮੜੀ ਆਰਮੀ ਕੈਂਪ 'ਚੋਂ ਹਥਿਆਰ ਤੇ ਗੋਲ਼ੀ ਸਿੱਕਾ ਚੋਰੀ ਕਰ ਕੇ ਫਰਾਰ ਹਰਪ੍ਰੀਤ ਸਿੰਘ ਫ਼ੌਜੀ ਤੇ ਉਸ ਦੇ ਸਾਥੀਆਂ ਨੂੰ ਹਥਿਆਰਾਂ ਤੇ ਗੋਲ਼ੀ ਸਿੱਕੇ ਸਮੇਤ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਵੱਲੋਂ ਗਠਿਤ ਕੀਤੀ ਟੀਮ ਤੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੇ ਸਾਂਝੇ ਆਪਰੇਸ਼ਨ ਕਰਨ ਨਾਲ ਗਿ੍ਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਟਾਂਡਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਏਡੀਜੀਪੀ ਇੰਟਰਨੈਸ਼ਨਲ ਸਕਿਓਰਿਟੀ ਆਰ ਕੇ ਢੋਕੇ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਨੂੰ ਇਤਲਾਹ ਦਿੱਤੀ ਕਿ ਮੱਧ ਪ੍ਰਦੇਸ਼ ਦੇ ਪੰਚਮੜੀ ਆਰਮੀ ਸਿਖਲਾਈ ਕੈਂਪ 'ਚੋਂ ਹਰਪ੍ਰੀਤ ਸਿੰਘ ਨਾਂ ਦੇ ਫ਼ੌਜੀ, ਜੋ ਫ਼ੌਜ ਤੋਂ ਪਿਛਲੇ ਕੁਝ ਮਹੀਨਿਆਂ ਤੋਂ ਭਗੌੜਾ ਸੀ, ਨੇ ਆਪਣੇ ਸਾਥੀ ਜਗਤਾਰ ਸਿੰਘ ਜੱਗਾ ਪੁੱਤਰ ਹਰਭਜਨ ਸਿੰਘ ਨਾਲ ਮਿਲ ਕੇ ਮੱਧ ਪ੍ਰਦੇਸ਼ ਦੇ ਪੰਚਮੜੀ ਆਰਮੀ ਕੈਂਪ 'ਚੋਂ ਹਥਿਆਰ ਚੋਰੀ ਕਰ ਕੇ ਟਰੇਨ ਰਾਹੀਂ ਕੰਬਲ 'ਚ ਲਪੇਟ ਕੇ ਪੰਜਾਬ ਲੈ ਆਇਆ ਸੀ, ਜਿਸ ਮਗਰੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਵੱਡੇ ਪੱਧਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।

ਹਥਿਆਰਾਂ ਸਮੇਤ ਨਸ਼ੀਲਾ ਪਾਊਡਰ ਵੀ ਕੀਤਾ ਗਿਆ ਬਰਾਮਦ

ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਭਾਰੀ ਫੋਰਸ ਨਾਲ ਟਾਂਡਾ ਨੇੜੇ ਪੈਂਦੇ ਪਿੰਡ ਕੰਧਾਲੀ ਨਾਰੰਗਪੁਰ ਦੇ ਖੇਤਾਂ ਨੂੰ ਆਪਣੇ ਘੇਰੇ 'ਚ ਲੈ ਲਿਆ, ਜਿਸ ਮਗਰੋਂ ਪੁਲਿਸ ਨੇ ਫ਼ੌਜੀ ਹਰਪ੍ਰੀਤ ਸਿੰਘ ਰਾਜਾ, ਜਗਤਾਰ ਸਿੰਘ ਜੱਗਾ, ਕਰਮਜੀਤ ਸਿੰਘ ਸੋਨੂੰ, ਗੁਰਜਿੰਦਰ ਸਿੰਘ ਤੇ ਸਰਬਜੀਤ ਸਿੰਘ ਨੂੰ ਇਨ੍ਹਾਂ ਹਥਿਆਰਾਂ ਸਮੇਤ ਗਿ੍ਫ਼ਤਾਰ ਕਰ ਲਿਆ, ਜਿਸ ਮਗਰੋਂ ਇਨ੍ਹਾਂ ਪਾਸੋਂ 2 ਰਾਈਫਲਾਂ, 3 ਮੈਗਜ਼ੀਨ, 20 ਜ਼ਿੰਦਾ ਕਾਰਤੂਸ, 3 ਮੋਟਰਸਾਈਕਲ, 930 ਗ੍ਰਾਮ ਨਸ਼ੀਲਾ ਪਾਉਡਰ ਤੇ 3 ਹੋਰ ਮਾਰੂ ਹਥਿਆਰ ਬਰਾਮਦ ਕੀਤੇ।

ਇਸ ਦੌਰਾਨ ਡੀਐੱਸਪੀ ਗੁਰਪ੍ਰਰੀਤ ਸਿੰਘ ਗਿੱਲ ਨੇ ਦੱਸਿਆ ਕਿ ਫ਼ੌਜੀ ਹਰਪ੍ਰੀਤ ਸਿੰਘ ਦਾ ਦੂਸਰਾ ਸਾਥੀ ਜਗਤਾਰ ਸਿੰਘ ਜੱਗਾ ਦਾ ਪਿਤਾ ਹਰਭਜਨ ਸਿੰਘ ਮਿਆਣੀ ਜੋ ਕਿ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਦਹਿਸ਼ਤਗਰਦ ਹੈ ਉਹ ਪਹਿਲਾਂ ਹੀ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਲਿਆਉਣ ਤੇ ਪੰਜਾਬ ਨੂੰ ਦਹਿਲਾਉਣ ਦੀ ਮੰਸ਼ਾ ਰੱਖਣ ਵਾਲਾ ਮੁੱਖ ਦੋਸ਼ੀ ਹੈ ਜੋ ਕਿ ਪੁਲਿਸ ਵੱਲੋਂ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ।

ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੇ ਸਨ ਹਥਿਆਰ ਚੋਰੀ

ਇਸ ਮੌਕੇ ਡੀਐੱਸਪੀ ਗਿੱਲ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਉਕਤ ਹਥਿਆਰ ਸਿਰਫ਼ ਲੁੱਟਖੋਹ ਦੀ ਨੀਅਤ ਨਾਲ ਚੋਰੀ ਨਹੀਂ ਕੀਤੇ ਹਨ ਬਲਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਚੋਰੀ ਕੀਤੇ ਸਨ।

ਅਜੇ ਤਕ ਇਨ੍ਹਾਂ ਪਾਸੋਂ ਕਿਸੇ ਵੱਡੇ ਅੱਤਵਾਦੀ ਹਮਲੇ ਜਾਂ ਪਾਕਿਸਤਾਨ ਦੀਆਂ ਕਿਸੇ ਏਜੰਸੀਆਂ ਨਾਲ ਤਾਰ ਜੁੜੇ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਹੋਰ ਵੱਡੇ ਖ਼ੁਲਾਸੇ ਹੋਣ ਦੀ ਆਸ ਹੈ।

ਹਰਪ੍ਰੀਤ ਸਿੰਘ ਦੇ ਪਰਿਵਾਰ 'ਤੇ ਸੀ 40 ਲੱਖ ਦਾ ਕਰਜ਼ਾ

ਫ਼ੌਜੀ ਹਰਪ੍ਰੀਤ ਸਿੰਘ ਦੇ ਪਰਿਵਾਰ 'ਤੇ ਕਰੀਬ 40 ਲੱਖ ਰੁਪਏ ਕਰਜ਼ਾ ਸੀ। ਉਸ ਦਾ ਸਾਥੀ ਜਗਤਾਰ ਸਿੰਘ ਜੱਗਾ ਦੇ ਪਿਤਾ ਹਰਭਜਨ ਸਿੰਘ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ, ਜਿਸ ਨੂੰ ਤਰਨਤਾਰਨ ਪੁਲਿਸ ਵੱਲੋਂ ਕੁਝ ਮਹੀਨੇ ਪਹਿਲਾਂ ਗਿ੍ਫ਼ਤਾਰ ਕਰ ਲਿਆ ਸੀ। ਹਰਪ੍ਰੀਤ ਤੇ ਜਗਤਾਰ ਸਿੰਘ ਨੇ ਆਰਮੀ ਕੈਂਪ 'ਚੋਂ ਹਥਿਆਰ ਚੋਰੀ ਕਰ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ ਤੇ ਜਲਦੀ ਤੋਂ ਜਲਦੀ ਅਮੀਰ ਹੋਣਾ ਚਾਹੁੰਦੇ ਸਨ।