ਜੇਐੱਨਐੱਨ, ਹੁਸ਼ਿਆਰਪੁਰ : ਹਲਕਾ ਸ਼ਾਮਚੌਰਾਸੀ ਦੀ ਸਾਬਕਾ ਵਿਧਾਇਕਾ ਬੀਬੀ ਮਹਿੰਦਰ ਕੌਰ ਜੋਸ਼ ਦੇ ਪੁੱਤਰ ਕਰਮਜੀਤ ਸਿੰਘ ਬਬਲੂ ਜੋਸ਼ ’ਤੇ ਇਕ ਹੋਰ ਮਾਮਲਾ ਦਰਜ ਹੋ ਗਿਆ ਹੈ। ਕੁੱਟਮਾਰ ਕਰਨ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਮੁਲਜ਼ਮ ਦੀ ਪਛਾਣ ਬਿੱਲਾ ਦੇ ਰੂਪ ’ਚ ਹੋਈ ਹੈ।

ਪੁਲਿਸ ਨੇ ਕੁੱਟਮਾਰ ਦੇ ਸ਼ਿਕਾਰ ਧਰਮ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਢੋਲਵਾਹਾ ਦੇ ਬਿਆਨਾਂ ’ਤੇ ਪਰਚਾ ਦਰਜ ਕੀਤਾ ਹੈ। ਐੱਸਐੱਚਓ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਧਰਮ ਸਿੰਘ ਢੋਲਵਾਹਾ ਕੋਲ ਪ੍ਰਗਤੀ ਨਰਸਰੀ ’ਚ ਬਤੌਰ ਸਿਕਿਓਰਿਟੀ ਗਾਰਡ ਕੰਮ ਕਰਦਾ ਹੈ।

ਧਰਮ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਰਨ ਉਸ ਦੇ ਮਾਲਕ ਨੇ ਉਸ ਨੂੰ ਹੁਕਮ ਦਿੱਤੇ ਸਨ ਕਿ ਨਰਸਰੀ ’ਚ ਸਿਰਫ ਚਾਰ ਤੋਂ ਪੰਜ ਗੱਡੀਆਂ ਹੀ ਆਉਣ ਤਾਂ ਜੋ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ ਤੇ ਭੀੜ ਵੀ ਨਾ ਵਧੇ। ਦੁਪਹਿਰ ਕਰੀਬ 12 ਵਜੇ ਉਹ ਆਪਣੀ ਡਿਊਟੀ ’ਤੇ ਤਾਇਨਾਤ ਸੀ ਤੇ ਨਰਸਰੀ ਅੰਦਰ ਪਹਿਲਾਂ ਹੀ ਚਾਰ ਗੱਡੀਆਂ ਮੌਜੂਦ ਸਨ। ਇਸ ਦੌਰਾਨ ਕਰਮਜੀਤ ਬਬਲੂ ਆਪਣੇ ਸਾਥੀ ਬਿੱਲਾ ਨਾਲ ਆਪਣੀ ਗੱਡੀ ’ਤੇ ਆਏ ਤੇ ਗੇਟ ਖੋਲ੍ਹਣ ਲਈ ਕਹਿਣ ਲੱਗੇ।

ਉਸ ਨੇ ਕਿਹਾ ਕਿ ਕੋਰੋਨਾ ਸਬੰਧੀ ਹਦਾਇਤਾਂ ਦਾ ਹਵਾਲਾ ਦੇ ਕੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਬਲੂ ਨੇ ਉਸ ਨੂੰ ਧਮਕਾਇਆ ਤੇ ਧੱਕੇ ਨਾਲ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਪੀੜਤ ਦੇ ਬਿਆਨਾਂ ’ਤੇ ਬਬਲੂ ਜੋਸ਼ ਤੇ ਬਿੱਲਾ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Jagjit Singh