ਚੰਡੀਗੜ੍ਹ, ਪੀਟੀਆਈ : ਸੋਸ਼ਲ ਮੀਡੀਆ 'ਤੇ ਇਕ ਤਾਜ਼ਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਵਿਚ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਦੇ ਇਕ ਪਿੰਡ ਦੇ ਡੇਰੇ ਵਿਚ ਕਥਿਤ ਤੌਰ ’ਤੇ ਦੇਖਿਆ ਜਾ ਸਕਦਾ ਹੈ। ਪੁਲਿਸ ਵੱਲੋਂ ਉਸਦੀ ਭਾਲ ਜਾਰੀ ਹੈ। ਇਹ ਫੁਟੇਜ 29 ਮਾਰਚ ਦੀ ਦੱਸੀ ਜਾ ਰਹੀ ਹੈ। ਇਕ ਦਿਨ ਬਾਅਦ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਫਗਵਾੜਾ ਤੋਂ ਇਕ ਇਨੋਵਾ ਗੱਡੀ ਦਾ ਪਿੱਛਾ ਕੀਤਾ। ਪੁਲਿਸ ਨੂੰ ਸ਼ੱਕ ਸੀ ਕਿ ਗੱਡੀ ਵਿੱਚ ਭਗੌੜਾ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਸਵਾਰ ਹੋਣਗੇ।

ਡੇਰੇ ਦੀ ਫੁਟੇਜ ਆਈ ਸਾਹਮਣੇ

ਜਿਸ ‘ਡੇਰੇ’ ਦੀ ਫੁਟੇਜ ਸਾਹਮਣੇ ਆਈ ਹੈ, ਉਹ ਹੁਸ਼ਿਆਰਪੁਰ ਦੇ ਪਿੰਡ ਮਰਨੀਆਂ ਤੋਂ ਸਿਰਫ਼ ਦੋ-ਤਿੰਨ ਕਿਲੋਮੀਟਰ ਦੂਰ ਪਿੰਡ ਤਨੌਲੀ ਵਿਚ ਸਥਿਤ ਹੈ। ਜਿੱਥੇ ਪੁਲਿਸ ਨੇ ਦੋਵਾਂ ਦੀ ਵੱਡੇ ਪੱਧਰ 'ਤੇ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਪਪਲਪ੍ਰੀਤ ਸਿੰਘ ਬੁੱਧਵਾਰ ਸਵੇਰੇ ਡੇਰੇ ਦੇ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਿਹਾ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਗੱਡੀ ਦਾ ਪਿੱਛਾ ਕਰਨ ਤੋਂ ਬਾਅਦ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਹੁਸ਼ਿਆਰਪੁਰ ਵਿੱਚ ਵੱਖ ਹੋ ਗਏ।

ਅੰਮ੍ਰਿਤਪਾਲ ਦਾ ਗੁਰੂ ਹੈ ਪਾਪਲਪ੍ਰੀਤ

ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਦੇ ਗੁਰੂਆਂ ਵਿੱਚੋਂ ਇਕ ਮੰਨਿਆ ਜਾਂਦਾ ਹੈ ਜੋ ਉਸ ਨੂੰ ਵੱਖ-ਵੱਖ ਮੁੱਦਿਆਂ 'ਤੇ ਸਲਾਹ ਦਿੰਦਾ ਰਿਹਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਭਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਡੇਰਿਆਂ ਤੇ ਭਗੌੜੇ ਪ੍ਰਚਾਰਕ ਦੇ ਹੋਰ ਸੰਭਾਵਿਤ ਟਿਕਾਣਿਆਂ ਤੱਕ ਵਧਾ ਦਿੱਤੀ ਹੈ। ਪੁਲਿਸ ਨੇ ਸ਼ੱਕੀਆਂ ਨੂੰ ਫੜਨ ਲਈ ਡਰੋਨ ਵੀ ਤਾਇਨਾਤ ਕੀਤਾ ਸੀ।

Posted By: Seema Anand