ਸੁਖਵਿੰਦਰ ਸੁੱਖੀ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਖੇ ਸ਼ਹਿਰ ਦੀਆਂ ਕਮਰਸ਼ੀਅਲ ਇਮਾਰਤਾਂ 'ਚ ਨਾਜਾਇਜ਼ ਤੌਰ 'ਤੇ ਵਸੂਲੀ ਜਾ ਰਹੀ ਗੇਟ ਪਰਚੀ ਲਾ ਕੇ ਆਉਣ ਵਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਲੋਕਾਂ ਦੀ ਸ਼ਿਕਾਇਤ 'ਤੇ ਨਗਰ ਨਿਗਮ ਦੇ ਵੱਲੋਂ ਕਾਰਵਾਈ ਤਾਂ ਕੀਤੀ ਜਾਂਦੀ ਹੈ, ਪਰ ਉਸ ਦਾ ਅਸਰ ਸਿਰਫ਼ ਇਕ ਦਿਨ ਹੀ ਦਿਖਾਈ ਦਿੰਦਾ ਹੈ, ਦੂਜੇ ਦਿਨ ਫਿਰ ਉਸੇ ਤਰ੍ਹਾਂ ਕਾਰ, ਸਕੂਟਰ, ਮੋਟਰਸਾਈਕਲ ਆਦਿ ਦੀਆਂ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀ ਹਨ। ਬੀਤੇ ਦਿਨ ਪਹਿਲਾ ਨਗਰ ਨਿਗਮ ਦੀ ਟੀਮ ਵੱਲੋਂ ਵਾਰਨਿੰਗ ਦਿੱਤੀ ਗਈ ਸੀ ਕਿ ਜੇ ਦੋਬਾਰਾ ਪਰਚੀ ਕੱਟੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਟੀ ਸੈਂਟਰ ਐਸੋਸੀਏਸ਼ਨ ਵੱਲੋਂ ਪਹਿਲਾ ਗੇਟ 'ਤੇ ਪਰਚੀ ਕੱਟੀ ਜਾਂਦੀ। ਵਾਰਨਿੰਗ ਮਿਲਣ ਤੋਂ ਬਾਅਦ ਸਕਿਊਰਿਟੀ ਗਾਰਡ ਪਰਚੀ ਵਾਹਨ ਪਾਰਕਿੰਗ ਕਰਨ ਤੋਂ ਬਾਅਦ ਕੱਟਦਾ ਹੈ। ਜ਼ਿਕਰਯੋਗ ਬੀਤੇ ਦਿਨੀ ਸ਼ਿਕਾਇਤ ਦੇ ਅਧਾਰ 'ਤੇ ਕਾਰਪੋਰੇਸ਼ਨ ਦੇ ਟੀਮ ਦੇ ਇੰਚਾਰਜ ਇੰਸਪੈਕਟਰ ਸੰਜੀਵ ਅਰੋੜਾ ਨੇ ਸਿੱਟੀ ਸੈਂਟਰ ਕੰਪਲੈਕਸ ਵਿਖੇ ਆਉਣ ਵਾਲੇ ਲੋਕਾਂ ਕੋਲੋ ਲਈ ਜਾ ਰਹੀ ਪਾਰਕਿੰਗ ਦੀ ਪਰਚੀ ਕੱਟਣ 'ਤੇ ਰੋਕ ਲਾ ਦਿੱਤੀ ਗਈ ਸੀ, ਜਿਸ ਦਿਨ ਕਾਰਵਾਈ ਹੋਈ ਉਸ ਦਿਨ ਤਾਂ ਕਿਸੇ ਦੀ ਵੀ ਪਰਚੀ ਨਹੀਂ ਕੱਟੀ ਗਈ, ਪਰ ਦੂਸਰੇ ਦਿਨ ਫਿਰ ਉਸੇ ਤਰ੍ਹਾਂ ਕੰਮ ਸ਼ੁਰੂ ਹੋ ਗਿਆ ਤੇ ਕੰਪਲੈਕਸ 'ਚ ਆਉਣ ਵਾਲੇ ਵਾਹਨ ਚਾਲਕਾਂ ਕੋਲੋ ਨਾਜਾਇਜ਼ ਪਾਰਕਿੰਗ ਦੇ ਨਾਂ 'ਤੇ ਪੈਸੇ ਵਸੂਲੇ ਜਾ ਰਹੇ ਹਨ। ਇਸ ਸਬੰਧੀ ਵੀਰਵਾਰ ਫਿਰ ਨਗਰ ਨਿਗਮ ਦੀ ਟਿਮ ਨੂੰ ਕਿਸੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਟੀ ਸੈਂਟਰ ਕੰਪਲੈਕਸ 'ਚ ਗੇਟ ਪਰਚੀ ਵਸੂਲੀ ਜਾ ਰਹੀ ਹੈ।

ਐਸੋਸੀਏਸ਼ਨ ਪਾਰਕਿੰਗ ਦੇ ਲੈਂਦੀ ਪੈਸੇ, ਪਰ ਜ਼ਿੰਮੇਵਾਰੀ ਕੋਈ ਨਹੀਂ

ਨਾਜਾਇਜ਼ ਤੌਰ 'ਤੇ ਸਿਟੀ ਸੈਂਟਰ ਐਸੋਸੀਏਸ਼ਨ ਵੱਲੋਂ ਵਸੂਲੇ ਜਾ ਰਹੀ ਵਾਹਨ ਪਾਰਕਿੰਗ ਦੀ ਫੀਸ, ਜਿਸ ਵਿਚ ਇਕ ਘੰਟੇ ਇਕ ਘੰਟਾ ਕਾਰ ਪਾਰਕਿੰਗ ਕਰਨ ਦੇ 10 ਰੁਪਏ, ਦੋ ਘੰਟੇ ਦੇ 20, ਦੋ ਤੋਂ 4 ਘੰਟੇ ਦੇ 60 ਤੇ 4 ਘੰਟੇ ਤੋਂ ਇਕ ਦਿਨ ਦੇ 150 ਰੁਪਏ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ ਗੱਡੀ ਰਾਤ ਪਾਰਕਿੰਗ ਕਰਨ ਦੇ 150 ਰੁਪਏ ਐਸੋਸੀਏਸ਼ਨ ਵੱਲੋਂ ਲਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਏਨੀ ਫੀਸ ਦੇਣ ਦੇ ਬਾਵਜੂਦ ਵੀ ਸਿਟੀ ਸੈਂਟਰ ਐਸੋਸੀਏਸ਼ਨ ਵਾਹਨ ਗੁੰਮ ਹੋ ਜਾਣ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।

ਨਾਜਾਇਜ਼ ਪਰਚੀ ਕੱਟਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ : ਅਰੋੜਾ

ਇਸ ਸਬੰਧੀ ਜਦੋਂ ਨਗਰ ਨਿਗਮ ਦੇ ਇੰਸਪੈਕਟਰ ਸੰਜੀਵ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਟੀ ਸੈਂਟਰ ਅੰਦਰ ਪਾਰਕਿੰਗ ਦੀ ਜਗ੍ਹਾ ਹੈ, ਇਮਾਰਤ ਦਾ ਮਾਲਕ ਕਿਸੇ ਕਿਸਮ 'ਤੇ ਪਾਰਕਿੰਗ ਦੇ ਪੈਸੇ ਨਹੀਂ ਲੈ ਸਕਦਾ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਐਂਟਰੀ ਤੇ ਪਰਕਿੰਗ ਪਰਚੀ ਜਾ ਕਿਸੇ ਤਰ੍ਹਾ ਦਾ ਚਾਰਜ ਨਾਜਾਇਜ਼ ਹੈ। ਵੀਰਵਾਰ ਨੂੰ ਫਿਰ ਕੱਟੀ ਜਾ ਰਹੀ ਪਰਚੀ ਦੇ ਸਬੰਧ 'ਚ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਉਕਤ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਨਗਰ ਨਿਗਮ ਦੇ ਦਫ਼ਤਰ ਵਿਖੇ ਬੁਲਾਇਆ ਗਿਆ ਸੀ, ਜਿਨ੍ਹਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਦੋਬਾਰਾ ਇਸ ਤਰ੍ਹਾਂ ਕਰਦੇ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।