ਕੁਲਵਿੰਦਰ ਸਿੰਘ ਰਾਏ, ਖੰਨਾ

ਸਦਰ ਥਾਣਾ ਖੰਨਾ 'ਚ ਪਿਤਾ-ਪੁੱਤਰ ਸਮੇਤ ਤਿੰਨ ਵਿਅਕਤੀਆਂ ਨੂੰ ਨੰਗਾ ਕਰ ਕੇ ਬਾਅਦ 'ਚ ਉਨ੍ਹਾਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਸੋਮਵਾਰ ਨੂੰ ਐੱਸਆਈਟੀ ਨੇ ਤਿੰਨਾਂ ਪੀੜਤਾਂ ਦੇ ਬਿਆਨ ਚੰਡੀਗੜ੍ਹ ਵਿਚ ਦਰਜ ਕੀਤੇ ਗਏ। ਐੱਸਆਈਟੀ ਦੇ ਸੱਦੇ 'ਤੇ ਪੀੜਤ ਜਗਪਾਲ ਸਿੰਘ ਯੋਗੀ, ਉਸ ਦਾ ਪੁੱਤਰ ਗੁਰਵੀਰ ਸਿੰਘ ਤੇ ਸਾਥੀ ਜਸਵੰਤ ਸਿੰਘ ਚੰਡੀਗੜ੍ਹ ਪੁੱਜੇ। ਜਿੱਥੇ ਏਡੀਜੀਪੀ ਦਫਤਰ 'ਚ ਉਹ ਕਰੀਬ ਚਾਰ ਘੰਟੇ ਤੱਕ ਰਹੇ। ਉਨ੍ਹਾਂ ਦੇ ਨਾਲ ਵਕੀਲ ਗੁਨਿੰਦਰ ਸਿੰਘ ਬਰਾੜ ਤੇ ਯੂਥ ਕੋਰ ਕਮੇਟੀ ਮੈਂਬਰ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ ਵੀ ਸਨ

ਦੱਸਣਯੋਗ ਹੈ ਕਿ ਐੱਸਐੱਚਓ ਬਲਜਿੰਦਰ ਸਿੰਘ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਪੀੜਤਾਂ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ। ਹਾਈ ਕੋਰਟ ਨੇ ਮਾਮਲੇ 'ਚ ਸਖ਼ਤ ਰੁੱਖ ਅਪਣਾਉਂਦੇ ਹੋਏ 22 ਮਈ ਨੂੰ ਡੀਜੀਪੀ ਪੰਜਾਬ ਨੂੰ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕਰਨ ਤੇ ਜਾਂਚ ਰਿਪੋਰਟ ਤੇ ਉਸ 'ਤੇ ਕੀਤੀ ਗਈ ਕਾਰਵਾਈ ਨੂੰ 8 ਜੁਲਾਈ ਤਕ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ।

ਪੀੜਤਾਂ ਦੇ ਵਕੀਲ ਗੁਨਿੰਦਰ ਸਿੰਘ ਬਰਾੜ ਨੇ ਕਿਹਾ ਕਿ ਤਿੰਨਾਂ ਪੀੜਤਾਂ ਨੇ ਬਿਨ੍ਹਾਂ ਕਿਸੇ ਡਰ ਦੇ, ਜੋ ਸੱਚ ਸੀ ਉਹ ਲਿਖਵਾ ਦਿੱਤਾ ਹੈ, ਅੱਗੇ ਦੀ ਕਾਰਵਾਈ ਐੱਸਆਈਟੀ ਨੇ ਕਰਨੀ ਹੈ। ਉਨ੍ਹਾਂ ਦੱਸਿਆ ਕਿ ਉਹ ਸਾਢੇ 3 ਵਜੇ ਦੁਪਹਿਰ ਏਡੀਜੀਪੀ ਦਫ਼ਤਰ ਪਹੁੰਚ ਗਏ ਸਨ ਤੇ ਸਾਢੇ ਸੱਤ ਵਜੇ ਦੇ ਕਰੀਬ ਬਾਹਰ ਆਏ ਹਨ।