ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਆਮ ਆਦਮੀ ਪਾਰਟੀ ਮੁਕੇਰੀਆਂ ਵੱਲੋਂ 'ਪੰਜਾਬ ਬੋਲਦਾ ਹੈ' ਮੁਹਿੰਮ ਤਹਿਤ ਪਿੰਡ ਮਨਸੂਰਪਰੁ ਵਿਖੇ ਭਰਵੀਂ ਰੈਲੀ ਕੀਤੀ ਗਈ। ਇਸ ਦੌਰਾਨ ਹਲਕਾ ਮੁਕੇਰੀਆਂ ਵਿਖੇ ਹੋਣ ਵਾਲੀ ਜ਼ਿਮਨੀ ਚੋਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ।

ਰੈਲੀ ਦੌਰਾਨ ਹਲਕਾ ਪ੍ਰਧਾਨ ਮੁਕੇਰੀਆਂ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੋੜੀ, ਮਾਝਾ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਦੋਆਬਾ ਇੰਚਾਰਜ ਡਾ. ਰਵਜੋਤ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ ਇੰਚਾਰਜ ਗੁਰਵਿੰਦਰ ਸਿੰਘ ਪਾਬਲਾ, ਠਾਕੁਰ ਸੁਲੱਖਣ ਸਿੰਘ ਜੱਗੀ ਨੇ ਸੰਬੋਧਨ ਕੀਤਾ।

ਰੈਲੀ 'ਚ ਉਚੇਚੇ ਤੌਰ 'ਤੇ ਪੁੱਜੇ 'ਆਪ' ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵਰਕਰਾਂ ਦੇ ਰੂ-ਬ-ਰੂ ਹੁੰਦਿਆਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਨੂੰ ਕੋਰਾ ਝੂਠ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਹਰੀ ਸੂਬਿਆਂ 'ਚ ਪੰਜਾਬ ਦੀ ਦਿੱਖ ਅੰਨਦਾਤਾ ਵੱਜੋਂ ਬਣੀ ਹੋਈ ਹੈ ਤੇ ਲੋਕ ਇਸ ਗੱਲ 'ਤੇ ਹੈਰਾਨੀ ਪ੍ਰਗਟਾਉਂਦੇ ਹਨ ਕਿ ਪੰਜਾਬ ਦਾ ਕਿਸਾਨ ਵੀ ਖੁਦਕਸ਼ੀਆਂ ਕਰ ਰਿਹਾ ਹੈ ਪਰ ਉਹ ਲੋਕ ਇਸ ਗੱਲ ਤੋਂ ਅਨਜਾਣ ਹਨ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਕਰਜ਼ੇ ਹੇਠਾਂ ਦੱਬਿਆ ਪਿਆ ਹੈ ਤੇ ਪੀੜ੍ਹੀ ਦਰ ਪੀੜ੍ਹੀ ਇਹ ਕਰਜ਼ਾ ਖ਼ੁਦਕਸ਼ੀਆਂ ਕਰਨ ਨੂੰ ਮਜਬੂਰ ਕਰ ਰਿਹਾ ਹੈ। ਸੱਤਾਧਾਰੀ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਨੌਜਵਾਨ ਵਰਗ 'ਚ ਡੂੰਘੀ ਨਿਰਾਸ਼ਾ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਨੌਜਵਾਨ ਪ੍ਰਵਾਸ ਨੂੰ ਤਰਜੀਹ ਦੇ ਰਹੇ ਹਨ।

ਇਸ ਮੌਕੇ ਰੈਲੀ 'ਚ ਸ਼ਹਿਰੀ ਪ੍ਰਧਾਨ ਅਜੇ ਵਰਮਾ, ਹਰਮਿੰਦਰ ਸਿੰਘ ਸੰਧੂ ਚੱਬੇਵਾਲ, ਸੰਦੀਪ ਸੈਣੀ ਹੁਸ਼ਿਆਰਪੁਰ, ਹਰਮੀਤ ਸਿੰਘ ਔਲਖ ਟਾਂਡਾ, ਜਸਵੀਰ ਸਿੰਘ ਰਾਜਾ ਟਾਂਡਾ, ਅਮਰਪਾਲ ਸਿੰਘ ਸ੍ਰੀ ਹਰਗੋਬਿੰਦਪੁਰ, ਨਿਸ਼ਾਨ ਸਿੰਘ ਚਾਹਲ ਸ੍ਰੀ ਹਰਗੋਬਿੰਦਪੁਰ, ਸੁਰਿੰਦਰ ਸਿੰਘ ਬਸਰਾ ਦਸੂਹਾ, ਡਾ. ਹਰਮਿੰਦਰ ਸਿੰਘ ਯੂਥ ਪ੍ਰਧਾਨ, ਦਰਸ਼ਨ ਸਿੰਘ ਐੱਸਸੀ ਪ੍ਰਧਾਨ, ਠਾਕੁਰ ਦਿਆਲ ਸਿੰਘ, ਲਵਦੀਪ ਸਿੰਘ ਗਿੱਲ, ਰਾਜੇਸ਼ ਜਸਵਾਲ ਟਰੇਡ ਵਿੰਗ, ਜਸਪਾਲ ਚੇਚੀ, ਪ੍ਰਰੋ. ਹਰਬੰਸ ਸਿੰਘ ਆਦਿ ਆਗੂਆਂ ਨੇ ਵਿਸ਼ੇਸ਼ ਸ਼ਿਰਕਤ ਕੀਤੀ।

ਟਿਕਟ ਦਾ ਐਲਾਨ ਕੋਰ ਕਮੇਟੀ ਦੀ ਬੈਠਕ ਉਪਰੰਤ

ਉਪ-ਮੰਡਲ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿਖੇ 'ਪੰਜਾਬ ਬੋਲਦਾ ਹੈ' ਮੁਹਿੰਮ ਤਹਿਤ ਰੈਲੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਚਾਰੋਂ ਹਲਕਿਆਂ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਲੜੇਗੀ ਅਤੇ ਚੋਣਾਂ ਨੂੰ ਲੈ ਕੇ ਆਗੂਆਂ ਤੇ ਵਰਕਰਾਂ 'ਚ ਭਾਰੀ ਉਤਸ਼ਾਹ ਹੈ।

ਉਨ੍ਹਾਂ ਕਿਹਾ ਕਿ ਰੈਲੀ 'ਚ ਲੋਕਾਂ ਦਾ ਆਪ ਮੁਹਾਰੇ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਦੁੱਖੀ ਹੋ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਵੱਲ ਆਸ ਦੀ ਨਜ਼ਰ ਨਾਲ ਵੇਖ ਰਹੇ ਹਨ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਲਈ ਟਿਕਟਾਂ ਦਾ ਐਲਾਨ ਕੋਰ ਕਮੇਟੀ ਦੀ ਮੀਟਿੰਗ ਉਪਰੰਤ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੌਰਾਨ ਵਧੀਆ ਪ੍ਰਦਰਸ਼ਨ ਕਰੇਗੀ।