ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਸਥਾਨਕ ਖਾਨਪੁਰੀ ਚੌਕ ਨੇੜੇ ਹੋਟਲ 'ਚ ਮੰਗਲਵਾਰ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹੋਟਲ 'ਚੋਂ ਮਿਲੇ ਆਈ ਕਾਰਡ ਦੇ ਆਧਾਰ 'ਤੇ ਮਿ੍ਤਕ ਦੀ ਪਛਾਣ ਰਮਨੀਸ਼ ਰੱਤੂ ਪੁੱਤਰ ਸਤਪਾਲ ਰੱਤੂ ਵਾਸੀ ਰੰਜੀਤ ਨਗਰ ਰਹੀਮਪੁਰ ਰੋਡ ਹੁਸ਼ਿਆਰਪੁਰ ਦੇ ਰੂਪ 'ਚ ਹੋਈ। ਹੋਟਲ ਮਾਲਕ ਨੇ ਦੱਸਿਆ ਕਿ ਉਨ੍ਹਾਂ ਕੋਲ ਸੋਮਵਾਰ ਸ਼ਾਮ ਕਰੀਬ ਸਵਾ ਸੱਤ ਵਜੇ ਉਕਤ ਨੌਜਵਾਨ ਨੇ ਕਮਰੇ 'ਚ ਰਾਤ ਰੁਕਣ ਲਈ ਕਿਹਾ ਸੀ। ਆਈਡੀ ਲੈ ਕੇ ਉਸ ਦਾ ਨਾਮ ਤੇ ਪਤਾ ਰਜਿਸਟਰ 'ਚ ਨੋਟ ਕਰਕੇ ਉਕਤ ਨੌਜਵਾਨ ਨੂੰ ਕਮਰਾ ਦੇ ਦਿੱਤਾ ਗਿਆ। ਰਾਤ ਨੂੰ ਉਸ ਨੇ ਪਾਣੀ ਦੀ ਬੋਤਲ ਤੇ ਪਨੀਰ ਟਿੱਕਿਆ ਮੰਗਵਾਇਆ। ਮੰਗਲਵਾਰ ਜਦੋਂ ਸਵੇਰੇ ਹੋਟਲ ਦੇ ਮੁਲਾਜ਼ਮਾਂ ਨੇ ਕਿਹਾ ਸਵੇਰੇ ਤੋਂ ਉਕਤ ਰੂਮ ਤੋਂ ਕੋਈ ਆਰਡਰ ਨਹੀਂ ਆਇਆ ਤਾਂ ਪਹਿਲਾਂ ਤਾਂ 10 ਵਜੇ ਦੇ ਕਰੀਬ ਉਨ੍ਹਾਂ ਨੇ ਸੋਚਿਆ ਕਿ ਨੌਜਵਾਨ ਸੌ ਰਿਹਾ ਹੋਵੇਗਾ ਪਰ ਜਦੋਂ ਕਰੀਬ 12 ਵਜੇ ਤਕ ਵੀ ਦਰਵਾਜ਼ਾ ਨਾ ਖੋਲਿ੍ਹਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ ਤਾਂ ਉਨ੍ਹਾਂ ਨੇ ਦੂਸਰੀ ਚਾਬੀ ਨਾਲ ਦਰਵਾਜ਼ਾ ਖੁਲਵਾਇਆ ਤਾਂ ਸਾਰਿਆਂ ਦੇ ਹੋਸ਼ ਉਡ ਗਏ। ਉਕਤ ਨੌਜਵਾਨ ਨੇ ਪੱਖੇ ਨਾਲ ਲਟਕ ਰਿਹਾ ਸੀ। ਹੋਟਲ ਮਾਲਕ ਨੇ ਘਟਨਾ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ।

ਪੁਲਿਸ ਕਰ ਰਹੀ ਮੌਤ ਦੇ ਕਾਰਨਾਂ ਦਾ ਪਤਾ : ਏਐੱਸਆਈ

ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚੈਂਚਲ ਸਿੰਘ ਨੇ ਦੱਸਿਆ ਕਿ ਰਮਨੀਸ਼ ਦੀ ਉਮਰ 25 ਸਾਲ ਹੈ ਤੇ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ। ਹੋਟਲ ਦੇ ਕਮਰੇ ਦੀ ਤਲਾਸ਼ੀ ਦੌਰਾਨ ਕੋਈ ਸੁਸਾਈਡ ਨੋਟ ਨਹੀਂ ਮਿਲਿਆ।

ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪਿਓ ਹੋਇਆ ਬੇਹੋਸ਼

ਜ਼ਿਕਰਯੋਗ ਹੈ ਕਿ ਮਿ੍ਤਕ ਦੇ ਪਿਤਾ ਸਤਪਾਲ ਰੱਤੂ ਨੂੰ ਜਦੋਂ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਖ਼ਬਰ ਸੁਣਦੇ ਸਾਰ ਹੀ ਸਦਮੇ 'ਚ ਚਲੇ ਗਏ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਹੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ।