ਸੁਮੇਸ਼ ਬਾਲੀ, ਸੈਲਾ ਖੁਰਦ : ਗੜ੍ਹਸ਼ੰਕਰ ਤੋਂ ਸੈਲਾ ਰੋਡ 'ਤੇ ਪੈਂਦੇ ਪਿੰਡ ਬਿਲੜੋਂ ਵਿਖੇ ਇਕ ਔਰਤ ਨੇ ਦੇਰ ਰਾਤ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮਿ੍ਤਕਾ ਦੀ ਪਛਾਣ ਸੀਮਾ ਰਾਣੀ (30) ਪਤਨੀ ਲਖਵਿੰਦਰ ਸਿੰਘ ਵਜੋਂ ਹੋਈ ਹੈ। ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਸੀਮਾ ਦਾ ਪਤੀ ਦੁਬਈ ਵਿਖੇ ਕੰਮ ਕਰਦਾ ਹੈ। ਸੀਮਾ ਰਾਣੀ ਆਪਣੇ ਦੋ ਜੁੜਵਾਂ ਬੱਚਿਆਂ ਤੇ ਸੱਸ ਨਾਲ ਰਹਿੰਦੀ ਸੀ। ਉਸ ਦਾ ਦਿਓਰ ਜੇਜੋਂ ਲਾਗੇ ਇਕ ਧਾਰਮਿਕ ਡੇਰੇ 'ਚ ਸੇਵਾਦਾਰ ਵਜੋਂ ਸੇਵਾ ਕਰਦਾ ਹੈ ਤੇ ਉਸ ਦੀ ਸੱਸ ਵੀ ਚਾਰ ਦਿਨਾਂ ਤੋਂ ਉਸੇ ਧਾਰਮਿਕ ਸਥਾਨ 'ਤੇ ਗਈ ਹੋਈ ਸੀ, ਜਿਸ ਦੇ ਪਿੱਛੋਂ ਸੀਮਾ ਰਾਣੀ ਦੀ ਗਾਡਰ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਦੱਸਣਯੋਗ ਹੈ ਕਿ ਸੀਮਾ ਰਾਣੀ ਦੇ ਪੰਜ ਸਾਲ ਦੇ ਜੁੜਵਾਂ ਬੱਚੇ ਹਨ, ਲਵ ਤੇ ਕੁਸ਼। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਕੁਸ਼ ਨੇ ਦੱਸਿਆ ਕਿ ਉਹ ਰਾਤ ਨੂੰ ਘਰ ਸੁੱਤੇ ਹੋਏ ਸਨ। ਰਾਤ ਇਕ ਵਜੇ ਦੇ ਕਰੀਬ ਉਸ ਨੇ ਉਠ ਕੇ ਦੇਖਿਆ ਤਾਂ ਉਸ ਦੀ ਮਾਂ ਬੈੱਡ 'ਤੇ ਨਹੀਂ ਸੀ। ਜਦੋਂ ਉਸ ਨੇ ਪਿਛਲੇ ਕਮਰੇ 'ਚ ਜਾ ਕੇ ਦੇਖਿਆ ਤਾਂ ਸੀਮਾ ਰਾਣੀ ਦੀ ਲਾਸ਼ ਗਾਡਰ ਨਾਲ ਲਟਕ ਰਹੀ ਸੀ। ਕੁਸ਼ ਨੇ ਇਸ ਦੀ ਸੂਚਨਾ ਰਾਤ ਇਕ ਵਜੇ ਦੇ ਕਰੀਬ ਮੁਹੱਲੇ ਵਿਚ ਰਿਸਤੇ 'ਚ ਲੱਗਦੇ ਚਾਚੇ ਭੰਡਾਰੀ ਨੂੰ ਦਿੱਤੀ। ਜਦੋਂ ਭੰਡਾਰੀ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਅੱਗੇ ਸੀਮਾ ਰਾਣੀ ਦੀ ਲਾਸ਼ ਲਟਕ ਰਹੀ ਸੀ। ਇਸ ਦੀ ਸੂਚਨਾ ਉਸ ਨੇ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ। ਫਿਰ ਸਰਪੰਚ ਨੇ ਥਾਣਾ ਗੜ੍ਹਸ਼ੰਕਰ ਵਿਖੇ ਇਸ ਸਬੰਧੀ ਜਾਣਕਾਰੀ ਦਿੱਤੀ। ਏਐੱਸਆਈ ਕੋਸ਼ਲ ਚੰਦਰ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਤੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਕੋਸ਼ਲ ਚੰਦਰ ਨੇ ਦੱਸਿਆ ਕਿ ਮਿ੍ਤਕਾ ਸੀਮਾ ਰਾਣੀ ਦੇ ਪਿਤਾ ਕੁਲਵੀਰ ਰਾਮ ਪੁੱਤਰ ਜੀਤ ਰਾਮ ਵਾਸੀ ਪਿੰਡ ਕਲਾਸ਼ ਜ਼ਿਲ੍ਹਾ ਨਵਾਂ ਸ਼ਹਿਰ ਦੇ ਬਿਆਨਾਂ ਦੇ ਅਧਾਰ 'ਤੇ ਫਿਲਹਾਲ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕਾ ਦੇ ਪਤੀ ਦੇ ਵਿਦੇਸ਼ ਤੋਂ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਏਗੀ।