ਸੁਖਵਿੰਦਰ ਸਰਮਾਲ/ਸਤਨਾਮ ਲੋਈ, ਹੁਸ਼ਿਆਰਪੁਰ/ਮਾਹਿਲਪੁਰ - ਹੁਸ਼ਿਆਰਪੁਰ-ਚੰਡੀਗੜ੍ਹ ਰੋਡ ’ਤੇ ਪੈਂਦੇ ਜੈਤਪੁਰ ਅੱਡੇ ’ਚ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਤਿੰਨ ਬੱਚੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਸਵਾਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ਾਂ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਮਾਹਿਲਪੁਰ ਵਿਖੇ ਰਖਵਾ ਦਿੱਤੀਆਂ ਹਨ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੀਆਂ ਤਿੰਨ ਲੜਕੀਆਂ ਪਿੰਡ ਬਾੜੀਆਂ ਕਲਾਂ ਤੋਂ ਕਿਸੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਪਣੇ ਮੋਟਰਸਾਈਕਲ ’ਤੇ ਪਿੰਡ ਨੰਗਲ ਖਿਡਾਰੀਆਂ ਜਾ ਰਹੇ ਸਨ। ਜਦੋਂ ਉਹ ਜੈਤਪੁਰ ਅੱਡੇ ’ਚ ਪਹੁੰਚੇ ਤਾਂ ਹੁਸ਼ਿਆਰਪੁਰ ਤੋਂ ਮਾਹਿਲਪੁਰ ਵੱਲ ਜਾ ਰਹੀ ਤੇਜ਼ ਰਫ਼ਤਾਰ ਕਾਰ ਪੀਬੀ 07 ਏਡਬਲਯੂ 1818 ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਤਿੰਨ ਬੱਚੀਆਂ ਸਮੇਤ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਸਵਾਰ ਤਿੰਨ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਤੇ ਹਾਦਸਾਗ੍ਰਸਤ ਵਾਹਨ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋਟਰਸਾਈਕਲ ਸਵਾਰ ਪਿੱਛੋਂ ਰਾਜਸਥਾਨ ਦੇ ਦੱਸੇ ਜਾ ਰਹੇ ਹਨ।

Posted By: Tejinder Thind